ਗੈਰ-ਸਿੱਖ ਮੰਤਰੀਆਂ ਪਾਸੋਂ ਮੰਗਿਆ ਗਿਆ ਹੈ ਲਿਖਤੀ ਸਪੱਸ਼ਟੀਕਰਨ
ਅੰਮਿ੍ਤਸਰ, 18 ਜੂਨ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ 'ਚ ਪੰਜ ਸਿੰਘ ਸਾਹਿਬਾਨ ਵਲੋਂ ਬੀਤੀ 15 ਜੂਨ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਜਾਬ ਸਰਕਾਰ ਵਲੋਂ ਅਪ੍ਰੈਲ ਮਹੀਨੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਸੰਬੰਧੀ ਪਾਸ ਕੀਤੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ-2026' ਨੂੰ ਪ੍ਰਵਾਨਗੀ ਤੇ ਸਹਿਮਤੀ ਦੇਣ ਵਾਲੇ ਪੰਜਾਬ ਵਜ਼ਾਰਤ ਦੇ ਸਿੱਖ ਵਜ਼ੀਰਾਂ ਤੇ ਵਿਧਾਨ ਸਭਾ ਦੇ ਸਿੱਖ ਵਿਧਾਇਕਾਂ ਨੂੰ ਸਪੱਸ਼ਟੀਕਰਨ ਦੇਣ ਲਈ 29 ਜੂਨ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਤਲਬ ਹੋਣ ਸੰਬੰਧੀ ਜਾਰੀ ਕੀਤੇ ਆਦੇਸ਼ਨੁਮਾ ਮਤਾ ਨੰਬਰ 1 ਤੋਂ ਬਾਅਦ ਸਕੱਤਰੇਤ ਵਲੋਂ ਉਕਤ ਵਿਧਾਇਕਾਂ ਨੂੰ ਤਲਬ ਹੋਣ ਸੰਬੰਧੀ ਰਸਮੀਂ ਪੱਤਰ ਜਾਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ¢ ਪ੍ਰਾਪਤ ਵੇਰਵਿਆਂ ਅਨੁਸਾਰ ਅਕਾਲ ਤਖ਼ਤ ਸਕੱਤਰੇਤ ਵਲੋਂ ਮੌਜੂਦਾ ਪੰਜਾਬ ਵਜ਼ਾਰਤ ਅਤੇ ਪੰਜਾਬ ਵਿਧਾਨ ਸਭਾ ਦੇ ਸਿੱਖ ਮੰਤਰੀਆਂ ਤੇ ਸਿੱਖ ਵਿਧਾਇਕਾਂ ਦੇ ਨਾਵਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ¢ ਪਤਾ ਲੱਗਾ ਹੈ ਕਿ ਜਿਹੜੇ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਵਾਂ ਦੇ ਨਾਲ ਸਿੰਘ ਜਾਂ ਕੌਰ ਲੱਗਦਾ ਹੈ, ਉਨ੍ਹਾਂ ਨੂੰ ਸਪੱਸ਼ਟੀਕਰਨ ਲਈ 29 ਜੂਨ ਨੂੰ ਸਵੇਰੇ 11 ਵਜੇ ਤਲਬ ਹੋਣ ਦੇ ਪੱਤਰ ਈਮੇਲ ਆਦਿ ਰਾਹੀਂ ਭੇਜੇ ਗਏ ਹਨ¢ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੱਡ ਕੇ ਆਮ ਆਦਮੀ ਪਾਰਟੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਅਜਿਹੇ ਸਿੱਖ ਮੰਤਰੀਆਂ ਤੇ ਵਿਧਾਇਕਾਂ ਦੀ ਗਿਣਤੀ 89 ਦੇ ਕਰੀਬ ਦੱਸੀ ਜਾ ਰਹੀ ਹੈ¢ ਇਸ ਤੋਂ ਇਲਾਵਾ ਪੰਜਾਬ ਵਜ਼ਾਰਤ ਦੇ ਗ਼ੈਰ-ਸਿੱਖ ਮੰਤਰੀਆਂ ਪਾਸੋਂ ਵੀ ਜਥੇਦਾਰ ਵਲੋਂ ਲਿਖਤੀ ਸਪੱਸ਼ਟੀਕਰਨ ਮੰਗਿਆ ਗਿਆ ਹੈ¢ ਪੰਜ ਸਿੰਘ ਸਾਹਿਬਾਨ ਵਲੋਂ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਦੀ ਵਿਵਾਦਤ ਵਾਇਰਲ ਵੀਡੀਓ ਦੀ ਪ੍ਰਮਾਣਿਕਤਾ ਅਤੇ ਬੇਅਦਬੀ ਐਕਟ ਸੰਬੰਧੀ ਜਾਰੀ ਆਦੇਸ਼ਾਂ ਤੋਂ ਬਾਅਦ ਭਾਵੇਂ ਸੱਤਾ ਧਿਰ ਵਲੋਂ ਇਸ 'ਤੇ ਕਿੰਤੂ-ਪ੍ਰੰਤੂ ਕਰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਦੇ ਜਥੇਦਾਰ ਸਨਮੁੱਖ ਤਲਬ ਹੋਣ ਨੂੰ ਲੈ ਕੇ ਅਜੇ ਸਥਿਤੀ ਸਪੱਸ਼ਟ ਨਹੀਂ ਹੈ ਪਰ ਹੋਰਨਾਂ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਵਿਧਾਇਕ ਜ਼ਰੂਰ ਪੇਸ਼ ਹੋ ਕੇ ਆਪਣਾ ਪੱਖ ਰੱਖ ਸਕਦੇ ਹਨ¢
ਅਕਾਲ ਤਖ਼ਤ ਸਕੱਤਰੇਤ ਵਲੋਂ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੂੰ 29 ਜੂਨ ਨੂੰ ਤਲਬ ਹੋਣ ਸੰਬੰਧੀ ਪੱਤਰ ਜਾਰੀ <br/>
ਅਜੀਤ ਡੈਸਕ
19-06-2026