ਨਵੀਂ ਦਿੱਲੀ, 18 ਜੂਨ (ਪੀ. ਟੀ. ਆਈ.)-ਸੋਨੇ ‘ਤੇ ਕਸਟਮ ਡਿਊਟੀ ਦੁੱਗਣੀ ਤੋਂ ਵੱਧ ਕੇ 15 ਫ਼ੀਸਦੀ ਹੋਣ ਤੋਂ ਬਾਅਦ ਭਾਰਤ ਦੇ ਸੋਨੇ ਦੀ ਦਰਾਮਦ ਲਗਭਗ 70 ਫ਼ੀਸਦੀ ਘੱਟ ਕੇ 25-30 ਟਨ ਰਹਿ ਗਈ ਹੈ। 13 ਮਈ ਤੋਂ ਪ੍ਰਭਾਵੀ ਸੋਨੇ ਅਤੇ ਚਾਂਦੀ ਦੀ ਦਰਾਮਦ ਡਿਊਟੀ 6 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤੀ ਗਈ ਹੈ। ਇਕ ਮਹੀਨੇ ‘ਚ ਦਰਾਮਦ ਡਿਊਟੀ ਵਾਧੇ ਤੋਂ ਬਾਅਦ ਸੋਨੇ ਦੀ ਦਰਾਮਦ ਘਟ ਕੇ 25 ਤੋਂ 30 ਟਨ ਰਹਿ ਗਈ ਹੈ, ਜੋ ਪਹਿਲਾਂ 75-100 ਟਨ ਸੀ। ਹਾਲਾਂਕਿ, ਮੁੱਲ ਦੇ ਮਾਮਲੇ ‘ਚ ਭਾਰਤ ਦੇ ਸੋਨੇ ਦੀ ਦਰਾਮਦ ਮਈ ‘ਚ ਸਾਲ-ਦਰ-ਸਾਲ 34 ਫ਼ੀਸਦੀ ਵਧ ਕੇ 3.41 ਅਰਬ ਅਮਰੀਕੀ ਡਾਲਰ ਹੋ ਗਈ, ਜੋ ਕਿ ਕੀਮਤੀ ਧਾਤ ਦੀਆਂ ਉੱਚੀਆਂ ਕੀਮਤਾਂ ਕਾਰਨ ਹੈ। ਅਪ੍ਰੈਲ-ਮਈ 2026-27 ਦੌਰਾਨ ਸੋਨੇ ਦੀ ਦਰਾਮਦ 60.14 ਫ਼ੀਸਦੀ ਵਧ ਕੇ 9.04 ਅਰਬ ਅਮਰੀਕੀ ਡਾਲਰ ਹੋ ਗਈ। ਪਿਛਲੇ ਵਿੱਤੀ ਸਾਲ 26 ‘ਚ ਸੋਨੇ ਦੀ ਦਰਾਮਦ 24 ਫ਼ੀਸਦੀ ਵਧ ਕੇ 71.98 ਅਰਬ ਅਮਰੀਕੀ ਡਾਲਰ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਸੀ। ਹਾਲਾਂਕਿ, ਮਾਤਰਾ ਦੇ ਮਾਮਲੇ ‘ਚ ਦਰਾਮਦ 4.76 ਫ਼ੀਸਦੀ ਘੱਟ ਕੇ 72.03 ਟਨ ਰਹਿ ਗਈ।
ਸੋਨੇ ਦੀ ਦਰਾਮਦ 70 ਫ਼ੀਸਦੀ ਘਟੀ
ਅਜੀਤ ਡੈਸਕ
19-06-2026