02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵਲੋਂ ਅਸਤੀਫ਼ਾ ਕਾਕਰੋਚ ਜਨਤਾ ਪਾਰਟੀ ਦਾ ਅੰਦੋਲਨ ਹੋਇਆ ਖ਼ਤਮ

Ad Position 21
No active advertisement
ਅਜੀਤ ਡੈਸਕ 26-07-2026

ਉਪਮਾ ਡਾਗਾ ਪਾਰਥ, ਜਗਤਾਰ ਸਿੰਘ
ਨਵੀਂ ਦਿੱਲੀ, 25 ਜੁਲਾਈ-ਜੰਤਰ ਮੰਤਰ ’ਤੇ ਚੱਲ ਰਹੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਸੀ.ਜੇ.ਪੀ. ਨੇ ਭਾਰਤ ਦੇ ‘ਜੈਨ-ਜ਼ੀ’ ਦੀ ਪਹਿਲੀ ਤੇ ਇਤਿਹਾਸਕ ਜਿੱਤ ਕਰਾਰ ਦਿੱਤਾ ਹੈ। ਅਸਤੀਫ਼ੇ ਤੋਂ ਬਾਅਦ ਸਰਕਾਰ ਨਾਲ ਤੀਜੇ ਗੇੜ ਦੀ ਗੱਲਬਾਤ ਤੋਂ ਬਾਅਦ ਸੀ.ਜੇ.ਪੀ. ਨੇ ਆਪਣਾ ਅੰਦੋਲਨ ਫ਼ੌਰੀ ਤੌਰ ’ਤੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਆਪਣੀਆਂ ਦੋ ਹੋਰ ਮੰਗਾਂ, ਜਿਨ੍ਹਾਂ ’ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ’ਤੇ ਕੇਸ ਵਾਪਸ ਲੈਣ ਤੇ ਪੇਪਰ ਲੀਕ ਕਾਰਨ ਖੁਦਕੁਸ਼ੀ ਕਰ ਚੁੱਕੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਸ਼ਾਮਿਲ ਹੈ, ’ਤੇ ਵੀ ਸਰਕਾਰ ਤੋਂ ਲਿਖਤੀ ਭਰੋਸਾ ਮੰਗਿਆ, ਜਿਸ ’ਤੇ ਸਰਕਾਰ ਨੇ ਮੰਗਲਵਾਰ ਤੱਕ ਦਾ ਸਮਾਂ ਮੰਗਿਆ ਹੈ। ਇਹ ਮੋਦੀ ਸਰਕਾਰ ਦੇ ਕਿਸੇ ਮੰਤਰੀ ਵਲੋਂ 2018 ਤੋਂ ਬਾਅਦ ਦਿੱਤਾ ਜਾਣ ਵਾਲਾ ਪਹਿਲਾ ਅਸਤੀਫ਼ਾ ਹੈ । 2018 ’ਚ ਵਿਦੇਸ਼ ਰਾਜ ਮੰਤਰੀ ਐੱਮ.ਜੇ. ਅਕਬਰ ਨੂੰ ‘ਮੀ ਟੂ ਮੁਹਿੰਮ’ ਕਾਰਨ ਅਸਤੀਫ਼ਾ ਦੇਣਾ ਪਿਆ ਸੀ। ਪ੍ਰਧਾਨ ਦੇ ਅਸਤੀਫ਼ੇ ਦੇ ਨਾਲ ਹੀ ਧਰਨਾ ਸਥਾਨ ’ਤੇ ਜਸ਼ਨ ਦਾ ਮਾਹੌਲ ਬਣ ਗਿਆ। ਜੰਤਰ ਮੰਤਰ ’ਤੇ ਮੌਜੂਦ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਕਾਕਰੋਚ ਸ਼ਕਤੀ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਅਸਤੀਫ਼ੇ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਜਿੱਥੇ ਰਾਸ਼ਟਰੀ ਗਾਣ ‘ਜਨ ਗਨ ਮਨ’ ਗਾ ਕੇ ਸਨਮਾਨ ਪ੍ਰਗਟਾਇਆ ਗਿਆ ਉੱਥੇ ਹੀ ‘ਚੱਕ ਦੇ ਇੰਡੀਆ’ ਦੇ ਉਤਸ਼ਾਹਪੂਰਨ ਗੀਤ ਰਾਹੀਂ ਵੀ ਜਿੱਤ ਦਾ ਜਸ਼ਨ ਮਨਾਇਆ ਗਿਆ । ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਖ਼ਬਰ ਕੇਂਦਰ ਸਰਕਾਰ ਤੇ ਸੀ.ਜੇ.ਪੀ. ਦਰਮਿਆਨ ਤੀਜੇ ਗੇੜ ਦੀ ਗੱਲਬਾਤ ਤੋਂ ਐਨ ਪਹਿਲਾਂ ਸਾਹਮਣੇ ਆਈ। ਪ੍ਰਧਾਨ ਨੇ ਦੋ ਸਫ਼ਿਆਂ ਦਾ ਲੰਮਾ ਅਸਤੀਫ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਣ ਦੇ ਨਾਲ ਹੀ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਜਨਤਕ ਕੀਤਾ, ਜਿਸ ’ਚ ਪ੍ਰਧਾਨ ਨੇ ਉਚੇਚੇ ਤੌਰ ’ਤੇ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੰਤਰ ਮੰਤਰ ’ਤੇ ਸਾਡੇ ਦੇਸ਼ ’ਚ ਜੋ ਸਥਿਤੀ ਬਣੀ ਹੈ, ਇਸ ਦਾ ਦੇਸ਼ ਵਿਰੋਧੀ ਤਾਕਤਾਂ ਫ਼ਾਇਦਾ ਨਾ ਉਠਾਉਣ, ਇਸ ਲਈ ਉਨ੍ਹਾਂ ਆਪਣਾ ਅਸਤੀਫ਼ਾ ਦਿੱਤਾ ਹੈ। ਦੂਜੇ ਪਾਸੇ ਸੀ.ਜੇ.ਪੀ. ਮੁਖੀ ਅਭਿਜੀਤ ਦੀਪਕੇ ਨੇ ਵਿਦਿਆਰਥੀਆਂ ਦੀ ਤਾਕਤ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਹੈ। ਦੀਪਕੇ ਨੇ ਜੈਨ-ਜ਼ੀ ਦੀ ਭਾਸ਼ਾ ’ਚ ਮੁੜ ‘ਕਾਕਰੋਚ ਸ਼ਕਤੀ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯਾਦ ਰੱਖਣਾ ਕਾਕਰੋਚਾਂ ਨਾਲ ਪੰਗਾ ਨਾ ਲੈਣਾ। ਦੀਪਕੇ ਨੇ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਜੰਤਰ ਮੰਤਰ ’ਤੇ ਕੀਤੇ ਸੰਬੋਧਨ ’ਚ ਉਚੇਚੇ ਤੌਰ ’ਤੇ ਕਿਸਾਨ ਅੰਦੋਲਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਤੋਂ ਬਹੁਤ ਕੁਝ ਸਿੱਖਿਆ ਹੈ । ਦੀਪਕੇ ਨੇ ਕਿਹਾ ਕਿ ਕਿਸਾਨ ਅੰਦੋਲਨ ਵਾਂਗ ਸਾਡੇ ਅੰਦੋਲਨ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ’ਚ ਉਹ ਕਾਮਯਾਬ ਨਹੀਂ ਹੋ ਸਕੇ। ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਕੇਂਦਰ ਸਰਕਾਰ ’ਚ ਵੀ ਕਈ ਮੁਲਾਕਾਤਾਂ ਦਾ ਦੌਰ ਚੱਲਿਆ, ਜਿਸ ’ਚ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਜਿਤੇਂਦਰ ਸਿੰਘ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਲਾਕਾਤਾਂ ਦਾ ਇਹ ਸਿਲਸਿਲਾ ਨੱਢਾ ਤੇ ਸਿੰਘ ਦੀ ਸੀ.ਜੇ.ਪੀ. ਦੇ ਨੁਮਾਇੰਦਿਆਂ ਨਾਲ ਤੀਜੇ ਗੇੜ ਦੀ ਗੱਲਬਾਤ ਤੋਂ ਪਹਿਲਾਂ ਚਲਦਾ ਰਿਹਾ। ਹਲਕਿਆਂ ਮੁਤਾਬਿਕ ਸ਼ਾਹ ਵਲੋਂ ਗੱਲਬਾਤ ਦੀ ਕਮਾਨ ਸੰਭਾਲ ਰਹੇ ਦੋਵਾਂ ਮੰਤਰੀਆਂ ਨੱਢਾ ਤੇ ਸਿੰਘ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ।
ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਭਰਮ ’ਚ ਨਹੀਂ ਫਸਣ ਦੇਵਾਂਗੇ-ਧਰਮਿੰਦਰ ਪ੍ਰਧਾਨ

ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ ਅਸਤੀਫ਼ੇ ’ਚ ਜੰਤਰ ਮੰਤਰ ’ਤੇ ਸੀ.ਜੇ.ਪੀ. ਦੇ ਵਿਰੋਧ ਪ੍ਰਦਰਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ 10 ਦਿਨਾਂ ਦਾ ਘਟਨਾਕ੍ਰਮ ਵੇਖ ਕੇ ਉਨ੍ਹਾਂ ਦਾ ਮਨ ਦੁਖੀ ਸੀ। ਪ੍ਰਧਾਨ ਨੇ ਕਿਹਾ ਕਿ ਇਹ ਉਨ੍ਹਾਂ ਲਈ ਨਿੱਜੀ ਸਾਖ ਦਾ ਸਵਾਲ ਨਹੀਂ ਹੈ। ਭਾਰਤ ਦੀ ਨੌਜਵਾਨ ਸ਼ਕਤੀ ਨੂੰ ਦੇਸ਼ ਦੀ ਅਸਲ ਤਾਕਤ ਦੱਸਦਿਆਂ ਪ੍ਰਧਾਨ ਨੇ ਕਿਹਾ ਕਿ ਇਹ ਨੌਜਵਾਨ ਸ਼ਕਤੀ ਨੂੰ ਭਰਮ ਦੀ ਸਥਿਤੀ ’ਚ ਨਾ ਫਸਣ ਦੇਣਾ ਹੀ ਉਨ੍ਹਾਂ ਦਾ ਸੰਕਲਪ ਹੈ । ਪ੍ਰਧਾਨ ਨੇ ਆਪਣੇ ਅਸਤੀਫ਼ੇ ’ਚ ਨੀਟ ਪੇਪਰ ਦਾ ਜ਼ਿਕਰ ਕਰਦਿਆਂ ਕਿਹਾ ਕਿ 3 ਮਈ ਨੂੰ ਹੋਈ ਨੀਟ ਯੂ.ਜੀ. ਦੀ ਪ੍ਰੀਖਿਆ ’ਚ ਬੇਨਿਯਮੀਆਂ ਪਾਈਆਂ ਗਈਆਂ । ਉਨ੍ਹਾਂ ਸਰਕਾਰ ਵਲੋਂ ਇਸ ਦੌਰਾਨ ਚੁੱਕੇ ਗਏ ਕਦਮਾਂ ਦਾ ਬਿਉਰਾ ਦਿੰਦਿਆਂ ਪ੍ਰੀਖਿਆ ਰੱਦ ਕਰਾਉਣ, ਪ੍ਰੀਖਿਆ ਦੀ ਨਵੀਂ ਤਰੀਕ ਜਾਰੀ ਕਰਨ ਤੇ ਅਗਲੇ ਸਾਲ ਤੋਂ ਪ੍ਰੀਖਿਆ ਨੂੰ ਸੀ.ਬੀ.ਟੀ. ਮੋਡ ’ਚ ਕਰਾਉਣ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਕਦੇ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜਿਆ ਤੇ ਪਹਿਲੇ ਦਿਨ ਤੋਂ ਹੀ ਜ਼ਿੰਮੇਵਾਰੀ ਨਿਭਾਈ। ਹਾਲਾਂਕਿ ਨਾਲ ਹੀ ਉਨ੍ਹਾਂ ਅਸਿੱਧੇ ਢੰਗ ਨਾਲ ਵਿਰੋਧੀ ਧਿਰਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਸ ਦੌਰਾਨ ਵੀ ਵਿਦਿਆਰਥੀਆਂ ਨੂੰ ਗੰਮਰਾਹ ਕਰਨ ਲਈ ਜ਼ਿੰਮੇਵਾਰ ਅਹੁਦਿਆਂ ’ਤੇ ਬੈਠੇ ਵਿਅਕਤੀਆਂ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਨੇ ਅਸਤੀਫ਼ੇ ਦੇ ਆਖ਼ਿਰ ’ਚ ਕਿਹਾ ਕਿ ਦੇਸ਼ ਦੀ ਏਕਤਾ ਬਣੀ ਰਹੇ। ਭਾਰਤ ਦੇ ਇਕ ਵੀ ਵਿਦਿਆਰਥੀ ਦਾ ਭਵਿੱਖ ਕਾਨੂੰਨੀ ਪੇਚੀਦਗੀਆਂ ’ਚ ਨਾ ਉਲਝੋ, ਸਾਡੇ ਬੱਚੇ ਆਪਣਾ ਸਮਾਂ ਪੜ੍ਹਾਈ ’ਚ ਲਾਉਣ ਤੇ ਕੈਰੀਅਰ ਬਣਾਉਣ ’ਤੇ ਫੋਕਸ ਕਰਨ, ਇਸ ਗੱਲ ’ਤੇ ਵਿਚਾਰ ਕਰਦਿਆਂ ਹੀ ਉਨ੍ਹਾਂ ਆਪਣਾ ਅਸਤੀਫ਼ਾ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਹੈ।
ਪੁਲਿਸ ਦੀਆਂ ਵਧੀਕੀਆਂ ਦੇ ਬਾਵਜੂਦ ਸ਼ਾਂਤੀਪੂਰਨ ਰਿਹਾ ਅੰਦੋਲਨ

ਮੰਚ ਤੋਂ ਬੁਲਾਰਿਆਂ ਨੇ ਕਿਹਾ ਕਿ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਅੜਿੱਕੇ ਖੜ੍ਹੇ ਕੀਤੇ ਜਾਂਦੇ ਰਹੇ ਤੇ 20 ਜੁਲਾਈ ਦੇ ਸ਼ਾਂਤੀਪੂਰਨ ਸੰਸਦ ਮਾਰਚ ਦੌਰਾਨ ਪੁਲਿਸ ਵਲੋਂ ਵਿਦਿਆਰਥੀਆਂ ’ਤੇ ਲਾਠੀਚਾਰਜ ਤੇ ਹੋਰ ਵਧੀਕੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅੰਦੋਲਨ ਆਪਣੇ ਤੈਅ ਪ੍ਰੋਗਰਾਮ ਮੁਤਾਬਿਕ ਬਿਲਕੁਲ ਸ਼ਾਂਤੀਪੂਰਨ ਰਿਹਾ। ਪੁਲਿਸ ਦੀਆਂ ਵਧੀਕੀਆਂ ਦੇ ਬਾਵਜੂਦ ਅਸੀਂ ਮਹਾਤਮਾ ਗਾਂਧੀ ਦਾ ਰਾਹ ਨਹੀਂ ਛੱਡਿਆ।

Ad Position 22
No active advertisement
ਪਿਛਲੀ ਖ਼ਬਰ ਸਾਰੀਆਂ ਮੰਗਾਂ ਮੰਨੇ ਜਾਣ ਦੇ ਬਾਅਦ ਸੀ.ਜੇ.ਪੀ. ਨੇ ਖ਼ਤਮ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ -ਜੇਕਰ ਜਲਦ ਪਾਵਰਕਾਮ ਵਲੋਂ ਕਿਸਾਨਾਂ ਨੂੰ ਬਿਜਲੀ ਪੂਰੀ ਨਾ ਦਿੱਤੀ ਗਈ ਤਾਂ ਜਥੇਬੰਦੀ ਵੱਡਾ ਐਕਸ਼ਨ ਉਲੀਕੇਗੀ-ਕਿਸਾਨ ਆਗੂ
Ad Position 24
No active advertisement