ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਕੇਂਦਰ ਨਾਲ ਤੀਜੇ ਗੇੜ ਦੀ ਗੱਲਬਾਤ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਨੇ ਫ਼ੌਰੀ ਪ੍ਰਭਾਵ ਨਾਲ ਪ੍ਰਦਰਸ਼ਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਬੁਲਾਰੇ ਸੌਰਵ ਦਾਸ ਤੇ ਆਸ਼ੂਤੋਸ਼ ਰੰਕਾ ਨੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਜਿਤੇਂਦਰ ਸਿੰਘ ਨਾਲ ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਸੀ.ਜੇ.ਪੀ. ਨੇ ਇਸ ਭਰੋਸੇ ਨਾਲ ਪ੍ਰਦਰਸ਼ਨ ਖ਼ਤਮ ਕਰਨ ਦਾ ਐਲਾਨ ਕੀਤਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਬਾਕੀ ਮੰਗਾਂ ਵੀ ਪੂਰੀਆਂ ਕਰੇਗੀ। ਸੀ.ਜੇ.ਪੀ. ਦੇ ਬੁਲਾਰੇ ਸੌਰਵ ਦਾਸ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਵਿਦਿਆਰਥੀਆਂ ਖ਼ਿਲਾਫ਼ ਦਾਇਰ ਕੀਤੇ ਗਏ ਪੁਲਿਸ ਕੇਸ ਵਾਪਸ ਲੈ ਲਏ ਜਾਣਗੇ ਤੇ ਭਵਿੱਖ ’ਚ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਕੇਂਦਰ ਨੇ ਇਹ ਭਰੋਸਾ ਵੀ ਦੁਆਇਆ ਕਿ ਨੀਟ ਪੇਪਰ ਲੀਕ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਨੇਮਾਂ ਮੁਤਾਬਿਕ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਧਰਨੇ ਸਥਾਨ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ਸ਼ਾਂਤੀਪੂਰਨ ਮੰਗਾਂ ਮੰਨ ਲਈਆਂ ਹਨ, ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਸਾਰੇ ਪ੍ਰਦਰਸ਼ਨਕਾਰੀ ਘਰਾਂ ਨੂੰ ਪਰਤ ਜਾਣ। ਆਸ਼ੂਤੋਸ਼ ਰਾਂਕਾ ਨੇ ਕਿਹਾ ਕਿ 36 ਦਿਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾ ਬਹੁਤ ਬੁਨਿਆਦੀ ਹਨ ਤੇ ਸਰਕਾਰ ਨੇ ਹੁਣ ਉਹ ਪ੍ਰਵਾਨ ਕਰ ਲਈਆਂ ਹਨ। ਸੀ.ਜੇ.ਪੀ. ਨੇ ਤਿੰਨ ਬੁਨਿਆਦੀ ਮੰਗਾਂ ਤੋਂ ਇਲਾਵਾ ਸਰਕਾਰ ਅੱਗੇ 5 ਨੁਕਾਤੀ ਮੰਗ ਪੱਤਰ ਵੀ ਰੱਖਿਆ, ਜੋ ਕਿ ਸਿੱਖਿਆ ਸੁਧਾਰਾਂ ਤੇ ਪ੍ਰੀਖਿਆ ਸੁਧਾਰਾਂ ’ਤੇ ਆਧਾਰਿਤ ਹੈ। ਸੌਰਵ ਦਾਸ ਨੇ ਕਿਹਾ ਕਿ ਇਸ ਮੰਗ ਪੱਤਰ ਨੂੰ ਲੈ ਕੇ ਉਹ 4 ਹਫ਼ਤੇ ਬਾਅਦ ਮੁੜ ਸਰਕਾਰ ਨਾਲ ਗੱਲਬਾਤ ਕਰਨਗੇ। ਜ਼ਿਕਰਯੋਗ ਹੈ ਕਿ ਸੀ.ਜੇ.ਪੀ. ਦੇ 20 ਜੁਲਾਈ ਨੂੰ ‘ਸੰਸਦ ਮਾਰਚ’ ਦੇ ਸੱਦੇ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਈ ਐੱਫ਼.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਸੀ.ਜੇ.ਪੀ. ਨੇ ਕਿਹਾ ਕਿ ਉਨ੍ਹਾਂ ਵਲੋਂ ਸਿਰਫ਼ ਦਿੱਲੀ ’ਚ ਹੀ ਨਹੀਂ, ਸਗੋਂ ਭਾਜਪਾ ਸ਼ਾਸਿਤ ਰਾਜਾਂ ’ਚ ਵੀ ਦਾਇਰ ਕੀਤੀਆਂ ਗਈਆਂ ਐੱਫ਼.ਆਈ.ਆਰ. ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਸਰਕਾਰ ਨੇ ਭਰੋਸਾ ਦਿਵਾਇਆ ਕਿ ਸਾਰੀਆਂ ਐੱਫ਼.ਆਈ.ਆਰ. ਛੇਤੀ ਹੀ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ । ਸੌਰਵ ਦਾਸ ਨੇ ਕਿਹਾ ਕਿ ਸਾਡੀ ਜਾਣਕਾਰੀ ਮੁਤਾਬਿਕ 15 ਤੋਂ 20 ਐੱਫ਼.ਆਈ.ਆਰਜ਼. ਦਿੱਲੀ ’ਚ ਦਾਇਰ ਕੀਤੀਆਂ ਗਈਆਂ, ਜਿਨ੍ਹਾਂ ਦੀਆਂ ਕਾਪੀਆਂ 3-4 ਦਿਨਾਂ ’ਚ ਸਾਨੂੰ ਮਿਲ ਜਾਣਗੀਆਂ।
ਸਾਰੀਆਂ ਮੰਗਾਂ ਮੰਨੇ ਜਾਣ ਦੇ ਬਾਅਦ ਸੀ.ਜੇ.ਪੀ. ਨੇ ਖ਼ਤਮ ਕੀਤਾ ਪ੍ਰਦਰਸ਼ਨ
ਅਜੀਤ ਡੈਸਕ
26-07-2026