ਬੀਣੇਵਾਲ, 24 ਅਪ੍ਰੈਲ (ਬੈਜ ਚੌਧਰੀ)-ਇਲਾਕੇ ਦੇ ਪਿੰਡ ਕਾਲੇਵਾਲ-ਬੀਤ 'ਚ ਬੀਤੇ ਕਲ ਖੋਲੇ ਗਏ ਸ਼ਰਾਬ ਦੇ ਨਵੇਂ ਠੇਕੇ ਦਾ ਪਿੰਡ ਨਿਵਾਸੀਆਂ ਨੇ ਤਿੱਖਾ ਵਿਰੋਧ ਕੀਤਾ ਤੇ ਮੌਕੇ 'ਤੇ ਹਾਜ਼ਰ 4 ਪੰਚਾਂ ਤੇ ਹੋਰ ਲੋਕਾਂ (ਜਿਨ੍ਹਾਂ 'ਚ ਜ਼ਿਆਦਾਤਰ ਮਹਿਲਾਵਾਂ ਸ਼ਾਮਿਲ ਸਨ) ਨੇ ਮੌਕੇ 'ਤੇ ਜਾ ਕੇ ਪੰਜਾਬ ਸਰਕਾਰ ਤੇ ਸ਼ਰਾਬ ਦੇ ਠੇਕੇਦਾਰਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾ, 21 ਅਪ੍ਰੈਲ ਨੂੰ ਇਸੇ ਸੜਕ ਤੇ ਪਿੰਡ ਕਾਲੇਵਾਲ-ਬੀਤ ਅਤੇ ਖੁਰਾਲਗੜ੍ਹ ਸਾਹਿਬ ਦੀ ਹੱਦ 'ਤੇ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਇਸ ਠੇਕੇ ਨੂੰ ਤਪ ਅਸਥਾਨ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਭਾਰੀ ਵਿਰੋਧ ਕਾਰਣ ਬੰਦ ਕਰ ਦਿੱਤਾ ਗਿਆ ਸੀ, ਫਿਰ 23 ਅਪ੍ਰੈਲ ਨੂੰ ਕਾਲੇਵਾਲ-ਬੀਤ ਦੇ ਬਾਹਰਵਾਰ ਸੀਹਵਾਂ ਰੋਡ 'ਤੇ ਖੋਖਾ ਰੱਖ ਕੇ ਅੱਜ ਠੇਕਾ ਖੋਲਿ੍ਹਆ ਸੀ, ਜਿਸ ਨੂੰ ਪਿੰਡ ਦੇ ਲੋਕਾਂ ਵਲੋਂ ਜਿੰਦਰਾ ਲਗਾ ਕੇ ਬੰਦ ਕਰ ਦਿੱਤਾ ਗਿਆ | ਇਸ ਮੌਕੇ ਮਨੋਜ ਰਾਣਾ ਪੰਚ, ਕੁਲਵੰਤ ਸਿੰਘ ਪੰਚ, ਸੰਦੀਪ ਰਾਣਾ, ਮਨੋਹਰ ਲਾਲ ਲੰਬੜਦਾਰ, ਭੁਪਿੰਦਰ ਸਿੰਘ ਪੰਚ, ਮਨਜਿੰਦਰ ਕੌਰ, ਜਸਵੀਰ ਕੌਰ, ਜਰਨੈਲ ਸਿੰਘ, ਲੱਖਾ, ਕੇਸ਼ੀ, ਬਲਵੀਰ ਸਿੰਘ ਸਮੇਤ ਲੋਕ ਹਾਜ਼ਰ ਸਨ | ਪਿੰਡ ਦੀ ਮਹਿਲਾ ਸਰਪੰਚ ਪ੍ਰਵੀਨ ਕੁਮਾਰੀ ਮੌਕੇ 'ਤੇ ਤਾਂ ਆਈ ਪਰ ਵਿਰੋਧ ਪ੍ਰਦਰਸ਼ਨ 'ਚ ਸ਼ਾਮਿਲ ਹੋਏ ਵਗੈਰ ਜਲਦੀ ਘਰ ਵਾਪਸ ਚਲੀ ਗਈ | ਜਦ ਮਹਿਲਾ ਸਰਪੰਚ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਠੇਕਾਂ ਬੰਦ ਕਰਵਾਉਣ ਦੇ ਪੱਖ 'ਚ ਹੈ, ਪਰ ਪਿੰਡ ਦੇ ਕੁੱਝ ਲੋਕਾਂ ਦਾ ਠੇਕਾ ਬੰਦ ਕਰਵਾਉਣ ਦਾ ਤਰੀਕਾ ਗਲਤ ਹੈ, ਇਸ ਕਰਕੇ ਉਹ ਪਹਿਲਾਂ ਹੀ ਚਲੀ ਗਈ | ਸਰਪੰਚ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਮੇਰੇ ਕੋਲ ਪਿੰਡ ਦੇ ਕੁੱਝ ਲੋਕ ਠੇਕਾ ਬੰਦ ਕਰਵਾਉਣ ਲਈ 23 ਅਪ੍ਰੈਲ ਸ਼ਾਮ ਨੂੰ ਆਏ ਸਨ | ਮੈਂ ਕਿਹਾ ਕਿ ਪਿੰਡ ਦੀ ਮੀਟਿੰਗ ਕਰਕੇ ਲਿਖਤੀ ਅਰਜ਼ੀ ਮੇਰੇ ਕੋਲ ਦਿਓ ਮੈਂ ਠੇਕਾ ਬੰਦ ਕਰਵਾ ਦਿਆਂਗੀ, ਪਰ ਪਿੰਡ ਦੇ ਕੁੱਝ ਲੋਕ ਜੋ ਸਿੱਧੇ ਅਸਿੱਧੇ ਢੰਗ ਨਾਲ ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਹਨ, ਇਹੀ ਲੋਕ ਠੇਕੇ ਦਾ ਵਿਰੋਧ ਕਰਦੇ ਹਨ |