ਚੱਬੇਵਾਲ, 24 ਜੂਨ (ਰਾਜੀਵ ਭਾਰਦਵਾਜ)-ਚੱਬੇਵਾਲ ਖੇਡ ਮੈਦਾਨ ਤੇ ਸਰਕਾਰ ਵੱਲੋਂ ਲੱਖਾਂ ਰੁਪਏ ਖ਼ਰਚੇ ਗਏ ਹਨ ਪਰੰਤੂ ਲੱਖਾਂ ਰੁਪਏ ਖ਼ਰਚਣ ਤੋਂ ਬਾਅਦ ਖੇਡ ਮੈਦਾਨ ਦੇ ਬਾਹਰ ਬਣਿਆ ਟਰੈਕ ਨਕਾਰਾ ਹੋ ਗਿਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਡ ਪ੍ਰੇਮੀ ਅਤੇ ਖੇਡ ਪ੍ਰਮੋਟਰ ਚੱਬੇਵਾਲ ਨਿਵਾਸੀ ਅਮਨਦੀਪ ਸਿੰਘ ਝੂਟੀ ਨੇ ਕੀਤਾ । ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਚੱਬੇਵਾਲ ਖੇਡ ਮੈਦਾਨ ਵਿਚ ਲਗਭਗ 31.50 ਲੱਖ ਰੁਪਏ ਖ਼ਰਚੇ ਗਏ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਰਚੇ ਗਏ ਪੈਸਿਆਂ ਦੇ ਵੇਰਵੇ ਵਿਚ ਟਾਇਲਟ ਬਲਾਕ, ਸਬਮਰਸੀਬਲ ਪੰਪ, ਰੰਗ ਰੋਗਨ,ਹਾਈ ਮਾਸਟ ਲਾਈਟਾਂ, ਫੁੱਟ ਲਾਈਟਾਂ ਅਤੇ ਸਪ੍ਰਿੰਕਲ ਸਿਸਟਮ ਆਦਿ ਤੋਂ ਇਲਾਵਾ ਟਰੈਕ ਅਤੇ ਫੁੱਟਬਾਲ ਗਰਾਊਂਡ ਤੇ ਵੀ ਖ਼ਰਚਾ ਦਰਸਾਇਆ ਗਿਆ ਹੈ , ਜਦਕਿ ਗਰਾਊਂਡ ਅਤੇ ਟਰੈਕ ਤੇ ਕੋਈ ਪੈਸਾ ਨਹੀਂ ਖ਼ਰਚਿਆ ਗਿਆ । ਚੱਬੇਵਾਲ ਖੇਡ ਮੈਦਾਨ ਦੇ ਆਲ਼ੇ ਦੁਆਲੇ ਬਣੇ ਟਰੈਕ ਦੀ ਹਾਲਾਤ ਹੋਰ ਵੀ ਬਦਤਰ ਹੋ ਗਈ ਹੈ । ਉਨ੍ਹਾਂ ਕਿਹਾ ਕਿ ਖੇਡ ਮੈਦਾਨ ਦੇ ਬਾਹਰ ਮਾਸਟ ਲਾਈਟਾਂ ਲਗਾਉਣ ਵਾਲੇ ਪੋਲ ਟਰੈਕ ਵਿਚ ਲੱਗਾ ਦਿੱਤੇ ਗਏ ਹਨ ਅਤੇ ਖੇਡ ਮੈਦਾਨ ਨੂੰ ਪਾਣੀ ਲਗਾਉਣ ਲਈ ਇੱਕ ਇੰਚੀ ਦੇ ਜੋ ਵਾਟਰ ਆਊਟਲੈੱਟ ਦਿੱਤੇ ਗਏ ਹਨ ਉਨ੍ਹਾਂ ਦੀਆਂ ਹੌਦੀਆਂ ਟਰੈਕ ਦੇ ਵਿਚਕਾਰ ਬਣਾ ਦਿੱਤੀਆਂ ਗਈਆਂ ਹਨ ਜੋ ਕਿ ਸੀਮਿੰਟ ਨਾਲ ਬਣਾਈਆਂ ਗਈਆਂ ਹਨ । ਇਨ੍ਹਾਂ ਹੌਦੀਆਂ ਕਾਰਨ ਟਰੈਕ ਲਗਭਗ ਨਕਾਰਾ ਹੋ ਗਿਆ ਹੈ । ਇਸ ਸੰਬੰਧੀ ਇੰਟਰਨੈਸ਼ਨਲ ਦੌੜਾਕ ਅਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ ਚੱਬੇਵਾਲ ਖੇਡ ਮੈਦਾਨ ਦੁਆਲੇ ਬਣਿਆ ਟਰੈਕ ਸੰਬੰਧਿਤ ਵਿਭਾਗ ਵੱਲੋਂ ਨਕਾਰਾ ਕਰ ਦਿੱਤਾ ਗਿਆ ਹੈ, ਇਸ ਟਰੈਕ ਵਿਚ ਬਣੀਆਂ ਹੌਦੀਆਂ ਕਾਰਨ ਇਹ ਜ਼ਿਲ੍ਹਾ ਪੱਧਰੀ ਜਾਂ ਨੈਸ਼ਨਲ ਲੈਵਲ ਦੀ ਦੌੜ ਤਾਂ ਕੀ ਇੱਥੇ ਪੇਂਡੂ ਲੈਵਲ ਦੀ ਕੋਈ ਵੀ ਮੀਟ ਨਹੀਂ ਹੋ ਸਕਦੀ । ਇਸ ਸੰਬੰਧ ਵਿਚ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਾਰਾ ਕੰਮ ਉਨ੍ਹਾਂ ਦੇ ਵਿਭਾਗ ਵੱਲੋਂ ਨਹੀਂ ਕਰਵਾਇਆ ਗਿਆ ਅਤੇ ਉਨ੍ਹਾਂ ਟਰੈਕ ਅੰਦਰ ਬਣੀਆਂ ਹੌਦੀਆਂ ਬਾਰੇ ਕਿਹਾ ਕਿ ਇਹ ਗ਼ਲਤ ਹਨ। ਇਸ ਮੌਕੇ ਤੇ ਅਮਨਦੀਪ ਸਿੰਘ ਪੌਲ, ਕਰਨ ਸਿੰਘ, ਸੰਦੀਪ ਸਿੰਘ ਅਤੇ ਅਮਨਦੀਪ ਸਿੰਘ ਝੂਟੀ ਹਾਜ਼ਰ ਸਨ।
ਲੱਖਾਂ ਰੁਪਏ ਖ਼ਰਚੇ ਪਰ ਚੱਬੇਵਾਲ ਦੇ ਖੇਡ ਮੈਦਾਨ ਦਾ ਟਰੈਕ ਫਿਰ ਵੀ ਬੇਕਾਰ
ਅਜੀਤ ਡੈਸਕ
25-06-2026