02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਮੁੰਦੜਾ ਨੇੜਲੇ ਕਈ ਪਿੰਡਾਂ ’ਚ ਬਿਜਲੀ ਸੰਕਟ ਗਹਿਰਾਇਆ

Ad Position 21
No active advertisement
ਅਜੀਤ ਡੈਸਕ 29-06-2026

ਸਮੁੰਦੜਾ, 28 ਜੂਨ (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਨੇੜਲੇ ਕਈ ਪਿੰਡਾਂ ਵਿਚ ਬਿਜਲੀ ਸਪਲਾਈ ਦਾ ਸੰਕਟ ਦਿਨ ਪ੍ਰਤੀ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ। ਪਿੰਡਾਂ ਵਿਚ ਬਿਜਲੀ ਦੇ ਘੰਟਿਆਂ ਬੱਧੀ ਲੰਮੇ-ਲੰਮੇ ਕੱਟ ਲਗਾਏ ਜਾ ਰਹੇ ਹਨ, ਜਿਸ ਕਰਕੇ ਕਹਿਰ ਦੀ ਗਰਮੀ ਦੇ ਦਿਨਾਂ ਵਿਚ ਆਮ ਲੋਕਾਂ ਅਤੇ ਵਿਸ਼ੇਸ਼ ਤੌਰ ’ਤੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨੀਂ ਦਿਨੀ ਝੋਨੇ ਦੀ ਲਵਾਈ ਦਾ ਕੰਮ ਪੂਰੇ ਜ਼ੋਰਾਂ ’ਤੇ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਕਰਕੇ ਝੋਨਾ ਲਾਉਣ ਦੇ ਕੰਮ ਦੀ ਚਾਲ ਮੱਠੀ ਪੈ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਘੱਟ ਆਉਣ ਕਰਕੇ ਪਹਿਲਾਂ ਹੀ ਲਗਾਏ ਗਏ ਝੋਨੇ ਦਾ ਪਾਣੀ ਪੂਰਾ ਨਹੀਂ ਹੋ ਰਿਹਾ ਤੇ ਉਨ੍ਹਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਨਰੇਟਰ ਰਾਹੀਂ ਪਾਣੀ ਦੇਣਾ ਪੈ ਰਿਹਾ ਹੈ, ਜਿਸ ਕਰਕੇ ਆਰਥਿਕ ਮੰਦਹਾਲੀ ਨਾਲ਼ ਜੂਝ ਰਹੇ ਕਿਸਾਨਾਂ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਕਿਸਾਨਾਂ ਵਲੋਂ ਲਗਾਏ ਗਏ ਝੋਨੇ ਦੇ ਕਈ ਖੇਤਾਂ ਵਿਚ ਪਾਣੀ ਨਾ ਹੋਣ ਕਰਕੇ ਤਰੇੜਾਂ ਪੈ ਗਈਆਂ ਹਨ ਅਤੇ ਜਿਸ ਕਰਕੇ ਇਕ ਕਿਆਰਾ ਭਰਨ ਲਈ ਵੀ ਕਈ-ਕਈ ਘੰਟਿਆਂ ਦਾ ਸਮਾਂ ਲੱਗ ਰਿਹਾ ਹੈ। ਸਮੁੰਦੜਾ ਨੇੜਲੇ ਪਿੰਡ ਸਿੰਬਲੀ, ਅਲੀਪੁਰ, ਰੁੜਕੀ ਖਾਸ ਆਦਿ ਨੂੰ ਮੋਟਰਾਂ ਦੀ 8 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ ਹੋਇਆ ਹੈ ਪਰ ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨੀ ਮਸਾਂ ਤਿੰਨ-ਚਾਰ ਘੰਟੇ ਹੀ ਬਿਜਲੀ ਦੀ ਸਪਲਾਈ ਆਉਂਦੀ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਝੋਨੇ ਦੀ ਪਨੀਰੀ ਲਾਈ ਨੂੰ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਅਤੇ ਪੱਕੀ ਹੋਈ ਪਨੀਰੀ ਖੇਤਾਂ ਵਿਚ ਪੁੱਟ ਕੇ ਲਾਉਣ ਨਾਲ ਉਨ੍ਹਾਂ ਨੂੰ ਫਸਲ ਦਾ ਪੂਰਾ ਝਾੜ ਨਹੀਂ ਮਿਲ ਸਕੇਗਾ ਤੇ ਇਸ ਤੋਂ ਇਲਾਵਾ ਝੋਨੇ ਦੀ ਫਸਲ ਤੋਂ ਬਾਅਦ ਮਟਰ ਲਾਉਣ ਦਾ ਸਮਾਂ ਵੀ ਨਹੀਂ ਰਹਿਣਾ। ਇਸ ਸੰਬੰਧੀ ਜਥੇਦਾਰ ਬੂਟਾ ਸਿੰਘ ਅਲੀਪੁਰ ਨੇ ਕਿਹਾ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਮੌਜੂਦਾ ਸੂਬਾ ਸਰਕਾਰ ਵਲੋਂ ਮੋਟਰਾਂ ਦੀ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਅਤੇ ਇਸ ਦੇ ਪ੍ਰਚਾਰ ਲਈ ਲੱਖਾਂ ਰੁਪਏ ਵੀ ਇਸ਼ਤਿਹਾਰਬਾਜ਼ੀ ’ਤੇ ਖਰਚੇ ਗਏ ਪਰ ਜ਼ਮੀਨੀ ਪੱਧਰ ’ਤੇ ਦੇਖੀਏ ਤਾਂ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ 24 ਘੰਟੇ ਬਿਜਲੀ ਸਪਲਾਈ ਨਾਲ ਜੁੜੇ ਹੋਏ ਪਿੰਡ ਚੱਕ ਗੁਜਰਾਂ, ਰਾਮਗੜ੍ਹ ਝੁੰਗੀਆਂ, ਸਹੂੰਗੜਾ ਆਦਿ ਵਿਖੇ ਮੋਟਰਾਂ ਦੀ ਸਪਲਾਈ ਪਿਛਲੇ ਦਿਨੀ 10- 10 ਘੰਟੇ ਵੀ ਬੰਦ ਰਹੀ। ਇਸ ਦੇ ਨਾਲ ਹੀ ਪਿੰਡ ਚੱਕ ਗੁਰੂ ਵਿਖੇ ਬਿਜਲੀ ਦੀ ਵੋਲਟੇਜ ਬੇਹੱਦ ਘੱਟ ਆ ਰਹੀ ਹੈ ਜਿਸ ਕਰਕੇ ਪਿੰਡ ਵਿਚ ਪਾਣੀ ਦੀ ਸਰਕਾਰੀ ਮੋਟਰ ਕਈ ਦਿਨਾਂ ਤੋਂ ਬੰਦ ਹੋਣ ਕਰਕੇ ਪਿੰਡ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਤੇ ਉਨ੍ਹਾਂ ਨੂੰ ਅੰਤਾਂ ਦੀ ਗਰਮੀ ’ਚ ਕਿਸਾਨਾਂ ਦੀਆਂ ਮੋਟਰਾਂ ਤੋਂ ਬਾਲਟੀਆਂ ਰਾਹੀਂ ਪਾਣੀ ਢਾਹੁਣਾ ਪੈ ਰਿਹਾ ਹੈ। ਇਸ ਸੰਬੰਧੀ ਪਾਵਰਕਾਮ ਕਰਮਚਾਰੀਆਂ ਨੇ ਕਿਹਾ ਕਿ ਪਿੱਛਿਓਂ ਹੀ ਬਿਜਲੀ ਦੀ ਵੋਲਟੇਜ਼ ਬੇਹੱਦ ਘੱਟ ਆ ਰਹੀ ਹੈ ਜਿਸ ਕਰਕੇ ਉਹਨਾਂ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ।

Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ਪੁਲਿਸ ਵਲੋਂ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਣ ਵਾਲਾ ਕਥਿਤ ਦੋਸ਼ੀ ਗ੍ਰਿਫਤਾਰ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ
Ad Position 24
No active advertisement