ਬਲਾਚੌਰ/ਕਾਠਗੜ੍ਹ, 28 ਜੂਨ (ਦੀਦਾਰ ਸਿੰਘ ਬਲਾਚੌਰੀਆ, ਹਰਸਿਮਰਨਜੋਤ ਸਿੰਘ ਕਲੇਰ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 188ਵੀਂ ਬਰਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਤਹਿਸੀਲ ਬਲਾਚੌਰ ਦੇ ਆਖਰੀ ਪਿੰਡ ਆਂਸਰੋ ਦੀ ਹਦੂਦ ਵਿਖੇ ਸ਼ੁਸ਼ੋਭਿਤ ਚੌਕੀ ਸਰਕਾਰ-ਏ-ਖ਼ਾਲਸਾ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿਚ ਅਰਦਾਸ ਕੀਤੀ ਗਈ। ਉਪਰੰਤ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ਾਲ ਯਾਦਗਾਰੀ ਸਮਾਗਮ ਕਰਵਾਇਆ। ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਤੇ ਸੰਬੋਧਨ ਕਰਦਿਆ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਵਲੋਂ ਕਾਇਮ ਕੀਤਾ ਸਰਕਾਰ-ਏ-ਖਾਲਸਾ ਕੇਵਲ ਇਕ ਵਿਸ਼ਾਲ ਰਾਜ ਨਹੀਂ ਸੀ, ਸਗੋਂ ਨਿਆਂ, ਧਾਰਮਿਕ ਆਜ਼ਾਦੀ, ਸਰਬ-ਸਾਂਝੀਵਾਲਤਾ ਤੇ ਪੰਜਾਬ ਦੀ ਖੁਦਮੁਖਤਿਆਰੀ ਦੀ ਵਿਲੱਖਣ ਮਿਸਾਲ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਸਾਹਿਬ ਦੇ ਰਾਜ ਦੌਰਾਨ ਹਰ ਧਰਮ ਅਤੇ ਵਰਗ ਦੇ ਲੋਕਾਂ ਨੂੰ ਬਰਾਬਰ ਸਤਿਕਾਰ ਤੇ ਸੁਰੱਖਿਆ ਪ੍ਰਾਪਤ ਸੀ। ਇਮਾਨ ਸਿੰਘ ਮਾਨ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਖਾਲਸਾ ਰਾਜ ਦੇ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਦੀ ਦੂਰਅੰਦੇਸ਼ੀ ਤੇ ਪੰਜਾਬ ਦੀ ਪ੍ਰਭੂਸੱਤਾ ਨਾਲ ਜੁੜੀਆਂ ਨਿਸ਼ਾਨੀਆਂ ਤੋਂ ਜਾਣੂ ਕਰਵਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਚੌਕੀ ਸਰਕਾਰ-ਏ-ਖਾਲਸਾ ਵਰਗੀਆਂ ਇਤਿਹਾਸਕ ਨਿਸ਼ਾਨੀਆਂ ਸਾਡੀ ਕੌਮੀ ਪਛਾਣ, ਸਵੈਮਾਣ ਅਤੇ ਰਾਜਸੀ ਵਿਰਾਸਤ ਦੀਆਂ ਜੀਵੰਤ ਗਵਾਹ ਹਨ। ਪਾਰਟੀ ਦੇ ਕੌਮੀ ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਨੇ ਸੰਗਤਾਂ ਨੂੰ ਚੌਕੀ ਸਰਕਾਰ-ਏ-ਖਾਲਸਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਕੁਸ਼ਲਪਾਲ ਸਿੰਘ ਮਾਨ ਨੇ ਕਿਹਾ ਕਿ ਇਹ ਸਥਾਨ ਉਸ ਸਮੇਂ ਦੀ ਯਾਦ ਦਿਵਾਉਂਦਾ ਹੈ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਇਕ ਆਜ਼ਾਦ, ਸ਼ਕਤੀਸ਼ਾਲੀ ਤੇ ਖੁਸ਼ਹਾਲ ਰਾਜ ਸੀ ਅਤੇ ਅੰਗਰੇਜ਼ ਹਕੂਮਤ ਵੀ ਖਾਲਸਾ ਰਾਜ ਨਾਲ ਬਰਾਬਰੀ ਦੇ ਪੱਧਰ ’ਤੇ ਗੱਲਬਾਤ ਕਰਨ ਲਈ ਮਜਬੂਰ ਸੀ। ਉਨ੍ਹਾਂ ਸਮੂਹ ਸਿੱਖ ਸੰਗਤ ਤੇ ਪੰਜਾਬੀਆਂ ਨੂੰ ਆਪਣੀਆਂ ਇਤਿਹਾਸਕ ਨਿਸ਼ਾਨੀਆਂ ਦੀ ਸੰਭਾਲ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਕਰਨੈਲ ਸਿੰਘ ਨਾਰੀਕੇ ਤੇ ਹਰਪਾਲ ਸਿੰਘ ਬਲੇਰ, ਪੀ. ਏ. ਸੀ. ਮੈਂਬਰ ਹਰਭਜਨ ਸਿੰਘ ਕਸ਼ਮੀਰੀ ਅਤੇ ਸਤਨਾਮ ਸਿੰਘ ਰੱਤੋਕੇ, ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੀ. ਏ. ਸੀ. ਮੈਂਬਰ ਪਰਮਿੰਦਰ ਸਿੰਘ ਬਾਲਿਆਂਵਾਲੀ, ਬਾਬਾ ਜਸਵੀਰ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਨਵਾਂਸਹਿਰ, ਰਣਜੀਤ ਸਿੰਘ ਸੰਤੋਖਗੜ੍ਹ ਜ਼ਿਲ੍ਹਾ ਪ੍ਰਧਾਨ ਰੋਪੜ, ਗੁਰਨਾਮ ਸਿੰਘ ਸਿੰਘੜੀਵਾਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, ਗੁਰਚਰਨ ਸਿੰਘ ਭੁੱਲਰ ਫਿਰੋਜਪੁਰ, ਬਲਰਾਜ ਸਿੰਘ ਖਾਲਸਾ ਮੋਗਾ, ਗੁਰਨੈਬ ਸਿੰਘ ਰਾਮਪੁਰਾ ਸੰਗਰੂਰ, ਸ਼ਿੰਗਾਰਾ ਸਿੰਘ ਬਡਲਾ ਫ਼ਤਹਿਗੜ੍ਹ ਸਾਹਿਬ, ਹਰਿਆਣਾ ਦੇ ਮੀਤ ਪ੍ਰਧਾਨ ਖਜ਼ਾਨ ਸਿੰਘ ਸਮੇਤ ਯੂਥ ਵਿੰਗ ਦੇ ਅਹੁਦੇਦਾਰਾਂ ਤੋਂ ਇਲਾਵਾ ਇਸਤਰੀ ਵਿੰਗ ਵਲੋਂ ਕੁਲਵਿੰਦਰ ਕੌਰ ਨਵਾਂਸ਼ਹਿਰ, ਭੁਪਿੰਦਰ ਕੌਰ ਬੰਗਾਂ, ਤੇਜ ਕੌਰ ਰੋਪੜ, ਯੂਥ ਇਸਤਰੀ ਵਿੰਗ ਦੀ ਪ੍ਰਧਾਨ ਪ੍ਰੀਤਮ ਕੌਰ ਜਟਾਣਾ ਤੇ ਅਮਰਜੀਤ ਕੌਰ ਗਗੜਾ, ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੀ. ਏ. ਉਪਿੰਦਰ ਪ੍ਰਤਾਪ ਸਿੰਘ, ਪੰਜਾਬ ਦੇ ਮੀਡੀਆ ਇੰਚਾਰਜ ਅਮਰਿੰਦਰ ਸਿੰਘ ਜੋਰਾ, ਮੀਡੀਆ ਇੰਚਾਰਜ ਦਲਜੀਤ ਸਿੰਘ ਬਾਗੀ, ਨਵਦੀਪ ਸਿੰਘ ਮਾਨ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ, ਵਰਕਰ, ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਤੇ ਸਿੱਖ ਸੰਗਤਾਂ ਹਾਜ਼ਰ ਸਨ। ਸਮਾਗਮ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਚੌਕੀ ਸਰਕਾਰ-ਏ-ਖਾਲਸਾ ਸਮੇਤ ਖਾਲਸਾ ਰਾਜ ਦੀਆਂ ਸਮੂਹ ਇਤਿਹਾਸਕ ਨਿਸ਼ਾਨੀਆਂ ਨੂੰ ਸੰਭਾਲਣ, ਉਨ੍ਹਾਂ ਦਾ ਸਹੀ ਇਤਿਹਾਸ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਤੇ ਪੰਜਾਬ ਦੀ ਵਿਰਾਸਤ ਦੀ ਰਾਖੀ ਲਈ ਸਮੂਹਿਕ ਤੌਰ ’ਤੇ ਯਤਨ ਕਰਨ ਦਾ ਸੰਕਲਪ ਲਿਆ ਗਿਆ। ਇਸ ਮੌਕੇ ਪਰਮਿੰਦਰ ਸਿੰਘ ਮਲੋਆ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ, ਬਲਵੀਰ ਸਿੰਘ ਬਸਰਾ ਨੂੰ ਬੰਗਾ ਹਲਕਾ ਇੰਚਾਰਜ, ਗੁਰਨਾਮ ਸਿੰਘ ਸਿੰਗੜੀਵਾਲ ਨੂੰ ਗੜ੍ਹਸੰਕਰ ਤੋਂ ਹਲਕਾ ਇੰਚਾਰਜ ਲਾਇਆ ਗਿਆ। ਜ਼ਿਲ੍ਹਾ ਨਵਾਂਸ਼ਹਿਰ ਦੇ ਪ੍ਰਧਾਨ ਬਾਬਾ ਜਸਵੀਰ ਸਿੰਘ ਖ਼ਾਲਸਾ ਨੂੰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਧਾਰਮਿਕ ਵਿੰਗ ਦਾ ਪ੍ਰਧਾਨ ਲਾਇਆ ਗਿਆ। ਉਨ੍ਹਾਂ ਨਾਲ ਸਰਦਾਰ ਰਣਜੀਤ ਸਿੰਘ ਸ਼ਾਹਪੁਰ ਨੂੰ ਧਾਰਮਿਕ ਵਿੰਗ ਦਾ ਮੀਤ ਪ੍ਰਧਾਨ ਲਾਇਆ ਗਿਆ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ
ਅਜੀਤ ਡੈਸਕ
29-06-2026