ਫ਼ਰੀਦਕੋਟ, 28 ਜੂਨ (ਜਸਵੰਤ ਸਿੰਘ ਪੁਰਬਾ)-ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੂਨ ਮਹੀਨੇ ਦੀਆ ਛੁੱਟੀਆਂ ਨੂੰ ਮੁੱਖ ਰੱਖਦਿਆਂ ਗੁਰਮਤਿ ਸਮਰ ਕੈਂਪ ਗੁਰਦੁਆਰਾ ਸਾਹਿਬ ਨਰੈਣ ਨਗਰ ਭਾਨ ਸਿੰਘ ਕਾਲੋਨੀ ਫ਼ਰੀਦਕੋਟ ਵਿਖੇ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦਾ ਉਦੇਸ਼ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨਾ, ਨੈਤਿਕ ਕਦਰਾਂ ਕੀਮਤਾਂ, ਵੱਡਿਆਂ ਦਾ ਸਤਿਕਾਰ, ਤੇ ਚੰਗੇ ਕੰਮ ਕਰਨ ਦੀ ਪ੍ਰੇਰਨਾ ਦੇਣਾ ਹੈ। ਇਸ ਕੈਂਪ ਦੌਰਾਨ ਪ੍ਰਚਾਰਕ ਭਾਈ ਖੁਸ਼ਕਰਨ ਸਿੰਘ ਭਾਣਾ, ਪ੍ਰਚਾਰਕ ਭਾਈ ਰਵਿੰਦਰ ਸਿੰਘ ਚੰਦੜ ਨੇ ਬੱਚਿਆਂ ਨੂੰ ਗੁਰਮੁੱਖੀ ਲਿੱਪੀ, ਗੁਰ ਇਤਿਹਾਸ, ਰਹਿਤ ਮਰਿਯਾਦਾ ਦੀ ਜਾਣਕਾਰੀ ਦਿੱਤੀ ਗਈ। ਬੀਬੀ ਗੁਰਿੰਦਰ ਕੌਰ ਭੋਲੂਵਾਲਾ ਵਲੋਂ ਗੁਰਮਤਿ ਦੀਆਂ ਕਲਾਸਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਦਾ ਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਬੱਚਿਆਂ ਨੂੰ ਕੇਸਾਧਾਰੀ ਹੋਣ ਅਤੇ ਗੁਰੂ ਦੇ ਲੜ ਲੱਗ ਕੇ ਚੜਦੀ ਕਲਾ ਵਿਚ ਰਹਿਣ ਲਈ ਅਸ਼ੀਰਵਾਦ ਦਿੱਤਾ। ਬੱਚਿਆਂ ਨੂੰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਏ ਮੈਡਲ, ਸਰਟੀਫਿਕੇਟ ਅਤੇ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਨੂੰ ਕਿੱਟ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਲਖਵੀਰ ਸਿੰਘ, ਮੀਤ ਪ੍ਰਧਾਨ ਪ੍ਰੀਤਮ ਸਿੰਘ, ਹੈੱਡ ਗ੍ਰੰਥੀ ਸੁਰਜੀਤ ਸਿੰਘ ਸਮੁੱਚੇ ਕਮੇਟੀ ਮੈਂਬਰ ਅਤੇ ਇਲਾਕੇ ਦੀ ਸੰਗਤ ਹਾਜ਼ਰ ਸਨ।