ਨਵਾਂਸ਼ਹਿਰ, 7 ਜੁਲਾਈ (ਜਸਬੀਰ ਸਿੰਘ ਨੂਰਪੁਰ)- ਗੁਰੂ ਰਵਿਦਾਸ ਜੀ ਦੇ ਆਉਣ ਵਾਲੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਵੱਡੇ ਉਪਰਾਲੇ ਤਹਿਤ ਵਿਧਾਇਕ ਬੰਗਾ ਸੁਖਵਿੰਦਰ ਸਿੰਘ ਸੁੱਖੀ ਅਤੇ ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਨੇ ਸਮਾਨਤਾ ਅਤੇ ਸਮਾਜਿਕ ਸਦਭਾਵਨਾ ਦਾ ਗੁਰੂ ਜੀ ਦਾ ਸੰਦੇਸ਼ ਪਿੰਡ-ਪਿੰਡ ਤੱਕ ਪਹੁੰਚਾਉਣ ਲਈ ਵਿਸ਼ੇਸ਼ ਡਿਜੀਟਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹਨਾਂ ਵਿਸ਼ੇਸ਼ ਮੋਬਾਈਲ ਯੂਨਿਟਾਂ ਵਿੱਚ ਵੱਡੀਆਂ ਐਲ.ਈ.ਡੀ ਸਕ੍ਰੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਗੁਰੂ ਰਵਿਦਾਸ ਦੇ ਜੀਵਨ, ਗਹਿਰੀ ਫਿਲਾਸਫੀ ਅਤੇ ਪਵਿੱਤਰ ਉਪਦੇਸ਼ਾਂ ‘ਤੇ ਅਧਾਰਿਤ 30 ਮਿੰਟ ਦੀ ਦਸਤਾਵੇਜ਼ੀ ਫਿਲਮ ਦਿਖਾਈ ਜਾਵੇਗੀ। ਇਸ ਮੌਕੇ ਬੋਲਦਿਆਂ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਅਤੇ ਸੰਤੋਸ਼ ਕਟਾਰੀਆ ਨੇ 650ਵੇਂ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਵਿਸ਼ਾਲ ਰਾਜ-ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਨਾ ਸਿਰਫ਼ ਇੱਕ ਮਹਾਨ ਅਧਿਆਤਮਿਕ ਗੁਰੂ ਸਨ, ਸਗੋਂ ਇੱਕ ਕ੍ਰਾਂਤੀਕਾਰੀ ਸਮਾਜ ਸੁਧਾਰਕ ਵੀ ਸਨ ਜਿਨ੍ਹਾਂ ਨੇ ਵਿਤਕਰੇ ਵਿਰੁੱਧ ਸਮਾਜਿਕ ਜਾਗਰੂਕਤਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਹਰ ਪਿੰਡ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਸਤਾਵੇਜ਼ੀ ਫਿਲਮ ਨੂੰ ਜ਼ਰੂਰ ਦੇਖਣ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਰਾਜ-ਪੱਧਰ ’ਤੇ 50 ਅਜਿਹੀਆਂ ਮੋਬਾਈਲ ਦਸਤਾਵੇਜ਼ੀ ਵੈਨਾਂ ਨੂੰ ਹਰੀ ਝੰਡੀ ਦਿਖਾਈ ਸੀ। ਇਸ ਮੁਹਿੰਮ ਦਾ ਉਦੇਸ਼ ਰਾਜ ਦੇ 23 ਜ਼ਿਲ੍ਹਿਆਂ ਦੇ ਲਗਭਗ 13,000 ਪਿੰਡਾਂ ਤੱਕ ਪਹੁੰਚ ਕਰਨਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖਿਅਤ ਅਤੇ ਪ੍ਰੇਰਿਤ ਕਰਨਾ ਅਤੇ ਗੁਰੂ ਰਵਿਦਾਸ ਦੇ ਸੁਪਨੇ ਅਨੁਸਾਰ ਵਿਤਕਰਾ ਰਹਿਤ ਸਮਾਜ ਦੀ ਸਿਰਜਣਾ ਕਰਨਾ ਹੈ।
ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਡਿਜੀਟਲ ਵੈਨਾਂ ਨੂੰ ਡਾ. ਸੁੱਖੀ ਵਲੋਂ ਹਰੀ ਝੰਡੀ
ਅਜੀਤ ਡੈਸਕ
08-07-2026