ਮਜਾਰੀ/ਸਾਹਿਬਾ, 8 ਜੁਲਾਈ (ਨਿਰਮਲਜੀਤ ਸਿੰਘ ਚਾਹਲ)-ਪਿੰਡ ਜਾਡਲੀ ਵਿਖੇ ਵਾਟਰ ਸਪਲਾਈ ਸਕੀਮ ਅਤੇ ਘਰਾਂ ਦੇ ਲਾਗੇ ਲੰਮੇ ਸਮੇਂ ਤੋਂ ਬਣਿਆਂ ਆਰਜੀ ਛੱਪੜ ਜਿਥੇ ਵਾਟਰ ਸਪਲਾਈ ਵਿਭਾਗ ਦੇ ਪੀਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਉਥੇ ਨੇੜੇ ਦੇ ਘਰਾਂ ਵਾਲਿਆਂ ਨੂੰ ਹਮੇਸ਼ਾਂ ਜਹਿਰੀਲੇ ਜਾਨਵਰਾਂ, ਮੱਛਰ ਤੇ ਮੱਖੀਆਂ ਨੇ ਤੰਗ ਕੀਤਾ ਹੋਇਆ ਹੈ। ਇਸ ਬਾਰੇ ਸੁਰਿੰਦਰਪਾਲ ਅਤੇ ਉਹਨਾਂ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਇਹ ਆਰਜ਼ੀ ਛੱਪੜ ਪਹਿਲੀਆਂ ਪੰਚਾਇਤਾਂ ਵਲੋਂ ਬਣਾਇਆ ਗਿਆ ਸੀ। ਜਦੋਂ ਕਿ ਪਿੰਡ ਦਾ ਅਸਲੀ ਛੱਪੜ ਪਿੰਡ ਦੇ ਚੜ੍ਹਦੇ ਪਾਸੇ ਹੈ ਤੇ ਇੱਕ ਆਰਜੀ ਛੱਪੜ ਪਿੰਡ ਦੇ ਲਹਿੰਦੇ ਪਾਸੇ ਢੇਰਾਂ ਵਾਲੀ ਜਗ੍ਹਾ ਵਿਚ ਵੀ ਬਣਿਆ ਹੋਇਆ ਹੈ। ਉਨਾਂ ਦੱਸਿਆ ਕਿ ਸਾਡੇ ਘਰਾਂ ਲਾਗੇ ਬਣਾਇਆ ਇਹ ਛੱਪੜ ਅਸਥਾਈ ਹੈ ਜਿਥੇ ਲੱਗਪਗ ਅੱਧੇ ਪਿੰਡ ਦਾ ਪਾਣੀ ਆਉਂਦਾ ਹੈ, ਜੋ ਗੰਦਗੀ ਨਾਲ ਭਰਿਆ ਪਿਆ ਹੈ। ਇਸ ਦੇ ਨਾਲ ਪਸ਼ੂ ਹਸਪਤਾਲ ਵੀ ਬਣਿਆਂ ਹੋਇਆ ਹੈ, ਜਿਸ ਵਿੱਚ ਕਈ ਵਾਰ ਪਸ਼ੂ ਡਿੱਗ ਚੁੱਕੇ ਹਨ। ਇਥੇ ਛੋਟੇ ਬੱਚੇ ਖੇਡਦੇ ਰਹਿੰਦੇ ਹਨ। ਇਸ ਛੱਪੜ ਵਿੱਚ ਜਹਰੀਲੇ ਸੱਪ ਘੁੰਮਦੇ ਰਹਿੰਦੇ ਹਨ ਤੇ ਮੱਛਰ ਮੱਖੀਆਂ ਕਾਰਨ ਬੀਮਾਰੀਆਂ ਫੈਲਣ ਦਾ ਹਮੇਸ਼ਾਂ ਖਤਰਾ ਬਣਿਆ ਰਹਿੰਦਾ ਹੈ। ਇਸ ਛੱਪੜ ਦਾ ਗੰਦਾ ਪਾਣੀ ਨੇੜੇ ਲੱਗੇ ਵਾਟਰ ਸਪਲਾਈ ਦੇ ਪਾਣੀ ਨੂੰ ਵੀ ਦੂਸ਼ਿਤ ਕਰ ਰਿਹਾ ਹੈ। ਉਨਾਂ ਮੰਗ ਕੀਤੀ ਕਿ ਇਸ ਆਰਜੀ ਛੱਪੜ ਨੂੰ ਪੂਰ ਕੇ ਇਸ ਵਿਚ ਆਉਂਦਾ ਗੰਦਾ ਪਾਣੀ ਪੱਕੇ ਛੱਪੜ ਵਿਚ ਪਾਇਆ ਜਾਵੇ। ਜਿਸ ਨਾਲ ਨੇੜੇ ਦੇ ਘਰਾਂ ਵਾਲਿਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਵਾਟਰ ਸਪਲਾਈ ਦਾ ਪਾਣੀ ਜੋ ਪਿੰਡ ਦੇ ਲੋਕ ਪੀਂਦੇ ਹਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ।