ਫ਼ਤਹਿਗੜ੍ਹ ਸਾਹਿਬ, 11 ਜੂਨ (ਮਨਪ੍ਰੀਤ ਸਿੰਘ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਿ੍ਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਕਿ੍ਸ਼ੀ ਵਿਗਿਆਨ ਕੇਂਦਰ ਫ਼ਤਹਿਗੜ੍ਹ ਸਾਹਿਬ ਵਿਖੇ 'ਖੇਤ ਬਚਾਓ ਅਭਿਆਨ' ਤਹਿਤ ਜ਼ਿਲੇ੍ਹ ਦੇ ਹੋਲਸੇਲ/ਰਿਟੇਲ ਖਾਦ ਵਿਕੇ੍ਰਤਾਵਾਂ ਲਈ ਕਿ੍ਸ਼ੀ ਉੱਨਤੀ ਯੋਜਨਾ ਆਤਮਾ ਸਕੀਮ ਅਧੀਨ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ | ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਨੇ ਟ੍ਰੇਨਿੰਗ ਪ੍ਰੋਗਰਾਮ ਵਿਚ ਕਿਸਾਨਾਂ ਨੂੰ ਖਾਦਾਂ ਦੀ ਜ਼ਿਆਦਾ ਖਪਤ ਨੂੰ ਘਟਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਖਾਦਾਂ ਦੀ ਜਮ੍ਹਾਂਖੋਰੀ, ਨਿਰਧਾਰਿਤ ਰੇਟ ਨਾਲੋਂ ਵੱਧ ਕੀਮਤ ਵਸੂਲਣਾ ਅਤੇ ਖਾਦਾਂ ਨਾਲ ਹੋਰ ਵਾਧੂ ਸਮੱਗਰੀ ਦੀ ਟੈਗਿੰਗ ਨਾ ਕੀਤੀ ਜਾਵੇ | ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਖੇਤੀਬਾੜੀ ਵਿਕਾਸ ਅਫ਼ਸਰ ਡਾ. ਦਮਨ ਝਾਂਜੀ ਨੇ ਖਾਦਾਂ ਦੀ ਆਮਦ, ਪੀ.ਓ.ਐਸ ਮਸ਼ੀਨਾਂ ਦੀ ਵਰਤੋਂ ਅਤੇ ਐਫ.ਸੀ.ਓ 1985 ਅਧੀਨ ਖਾਦਾਂ ਦੀ ਵੰਡ ਸਬੰਧੀ ਡੀਲਰਾਂ ਨੂੰ ਜਾਣਕਾਰੀ ਦਿੱਤੀ | ਇਸ ਦੌਰਾਨ ਡਾ. ਅਜੈ ਕੁਮਾਰ ਸਹਾਇਕ ਪ੍ਰੋਫ਼ੈਸਰ ਭੂਮੀ ਵਿਗਿਆਨ ਨੇ ਦੱਸਿਆ ਕਿ ਬੇਲੋੜੀ ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟਦੀ ਹੈ | ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ 'ਤੇ ਹੀ ਕਰਨ, ਉਨ੍ਹਾਂ ਨੇ ਝੋਨੇ ਅਤੇ ਬਾਸਮਤੀ ਵਿਚ ਡੀ.ਏ.ਪੀ ਖਾਦ ਪਾਉਣ ਤੋਂ ਗੁਰੇਜ਼ ਕਰਨ ਅਤੇ ਯੂਰੀਆ ਖਾਦ ਵੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ | ਇਸ ਮੌਕੇ ਡਾ. ਹਰਮਨਜੀਤ ਸਿੰਘ ਡਿਪਟੀ ਪ੍ਰੋਜੈਕਟ ਡਾਇਰੈਕਟਰ, ਡਾ. ਅਰਵਿੰਦ ਪ੍ਰੀਤ ਕੌਰ ਸਹਾਇਕ ਪ੍ਰੋਫ਼ੈਸਰ ਬਾਗ਼ਬਾਨੀ, ਡਾ. ਪੂਜਾ ਖੇਤੀਬਾੜੀ ਵਿਕਾਸ ਅਫ਼ਸਰ ਬਸੀ ਪਠਾਣਾਂ ਅਤੇ ਡਾ. ਰਵਿੰਦਰ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਖੇੜਾ ਮੌਜੂਦ ਸਨ |