ਫ਼ਤਹਿਗੜ੍ਹ ਸਾਹਿਬ, 1 ਜੁਲਾਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਿੰਡੀਕੇਟ ਹਾਲ ਵਿਖੇ ਰੱਖੀ ਗਈ ਵਿਸ਼ੇਸ਼ ਇਕੱਤਰਤਾ ਦੌਰਾਨ ‘ਸ੍ਰੀ ਗੁਰੂ ਗ੍ਰੰਥ ਸਾਹਿਬ, ਬਹੁ-ਅਨੁਸ਼ਾਸਨੀ ਪਰਿਪੇਖ’ ਵਿਸ਼ੇ ’ਤੇ ਚੌਥੀ ਸਾਲਾਨਾ ਅੰਤਰ-ਰਾਸ਼ਟਰੀ ਕਾਨਫ਼ਰੰਸ ਵਿਚ ਹਿੱਸਾ ਲੈਣ ਲਈ ਖ਼ੋਜੀਆਂ ਅਤੇ ਵਿਦਵਾਨਾਂ ਨੂੰ ਸੱਦਾ ਦਿੱਤਾ ਗਿਆ। ਇਸ ਮੌਕੇ ਕਾਨਫ਼ਰੰਸ ਦੀ ਜਾਣਕਾਰੀ ਦਾ ਬਰੋਸ਼ਰ ਜਾਰੀ ਕਰਦਿਆਂ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਇਹ ਤਿੰਨ ਰੋਜ਼ਾ ਕਾਨਫ਼ਰੰਸ 18 ਤੋਂ 20 ਨਵੰਬਰ ਨੂੰ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰਬਾਣੀ ਦੇ ਸਿਧਾਂਤਕ, ਸਾਹਿਤਕ, ਸਮਾਜਿਕ, ਵਿੱਦਿਅਕ, ਸਭਿਆਚਾਰਕ ਅਤੇ ਵਿਗਿਆਨਕ ਪੱਖਾਂ ਨੂੰ ਕੇਂਦਰ ਵਿਚ ਰੱਖਦਿਆਂ ਇਹ ਕਾਨਫ਼ਰੰਸ ਅਕਾਦਮਿਕ ਜਗਤ ਦੇ ਵੱਖ-ਵੱਖ ਅਨੁਸ਼ਾਸਨਾਂ ਵਿਚ ਕਾਰਜਸ਼ੀਲ ਵਿਦਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਖੋਜ ਅਤੇ ਪੇਸ਼ਕਾਰੀ ਕਰਨ ਦਾ ਮੌਕਾ ਦਿੰਦੀ ਹੈ। ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਆਖਿਆ ਕਿ ਗੁਰਬਾਣੀ ਰਾਹੀਂ ਜੀਵਨ ਦੇ ਹਰੇਕ ਪਹਿਲੂ ਨੂੰ ਸਮਝਣ ਵਾਲੀ ਸੇਧ ਨੂੰ ਖੋਜਣਾ ਅਤੇ ਪੇਸ਼ ਕਰਨਾ ਇਸ ਕਾਨਫ਼ਰੰਸ ਦਾ ਮੂਲ ਮਨੋਰਥ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹੋਈਆਂ ਤਿੰਨ ਸਾਲਾਨਾ ਕਾਨਫ਼ਰੰਸਾਂ ਦੌਰਾਨ ਪੰਜਾਬ ਭਾਰਤ ਤੇ ਵਿਸ਼ਵ ਦੀਆਂ ਦਰਜਨਾਂ ਨਾਮਵਰ ਯੂਨੀਵਰਸਿਟੀਆਂ ਦੇ ਵਿਦਵਾਨਾਂ ਵਲੋਂ ਆਪਣੀਆਂ ਖੋਜਾਂ ਪੇਸ਼ ਕੀਤੀਆਂ ਗਈਆਂ ਹਨ। ਕਾਨਫ਼ਰੰਸ ਦੇ ਕਨਵੀਨਰ ਡਾ. ਹਰਦੇਵ ਸਿੰਘ ਡੀਨ, ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਨੇ ਵਿਸ਼ਵ ਭਰ ਦੇ ਵਿਦਵਾਨਾਂ ਅਤੇ ਖ਼ੋਜੀਆਂ ਨੂੰ ਇਸ ਕਾਨਫ਼ਰੰਸ ਰਾਹੀਂ ਗੁਰਬਾਣੀ ਨਾਲ ਜੁੜਨ ਦਾ ਸੱਦਾ ਦਿੰਦਿਆਂ ਆਖਿਆ ਕਿ ਗੁਰਬਾਣੀ ਦੇ ਚਾਨਣ ਨੂੰ ਅਕਾਦਮਿਕ ਜਗਤ ਵਿਚ ਪ੍ਰਗਟ ਕਰਨ ਲਈ ਇਹ ਕਾਨਫ਼ਰੰਸ ਇਕ ਅਹਿਮ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫ਼ਰੰਸ ਨੂੰ ਵਿਸ਼ੇ ਪੱਖ ਤੋਂ ਚਾਰ ਮੁੱਖ ਭਾਗਾਂ ਵਿਚ ਵੰਡਿਆ ਗਿਆ ਹੈ ਅਤੇ ਹਰੇਕ ਭਾਗ ’ਚੋਂ ਚਾਰ ਚੋਣਵੇਂ ਪਰਚੇ ਲੈਂਦਿਆਂ ਕੁਲ 16 ਖੋਜ ਪਰਚਿਆਂ ਨੂੰ ਇਨਾਮੀ ਰਾਸ਼ੀ ਅਤੇ ਬਿਹਤਰੀਨ ਪਰਚਾ ਪੇਸ਼ਕਾਰੀ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ਮੌਕੇ ਕਾਨਫ਼ਰੰਸ ਦੇ ਸਲਾਹਕਾਰ ਡਾ. ਤੇਜਵੀਰ ਸਿੰਘ ਰਜਿਸਟਰਾਰ ਤੇ ਸਕੱਤਰ ਸਾਹਿਬਾਨ ਜਿਨ੍ਹਾਂ ਵਿਚ ਡਾ. ਹਰਨੀਤ ਬਿਲਿੰਗ ਡੀਨ ਫੈਕਲਟੀ ਆਫ਼ ਐਜੂਕੇਸ਼ਨ ਐਂਡ ਇਨਫਰਮੇਸ਼ਨ ਸਾਇੰਸ, ਡਾ. ਅੰਕਦੀਪ ਕੌਰ ਅਟਵਾਲ ਮੁਖੀ ਅੰਗਰੇਜ਼ੀ ਵਿਭਾਗ, ਡਾ. ਚਰਨ ਕਮਲ ਸੇਖੋਂ ਮੁਖੀ ਜੁਆਲੋਜੀ ਵਿਭਾਗ, ਡਾ. ਨਵ ਸ਼ਗਨਦੀਪ ਕੌਰ ਮੁਖੀ ਸਮਾਜ-ਸ਼ਾਸਤਰ ਵਿਭਾਗ, ਹਰਪ੍ਰੀਤ ਸਿੰਘ ਮੁਖੀ ਸੰਗੀਤ ਵਿਭਾਗ ਅਤੇ ਡਾ. ਗੁਰਪ੍ਰੀਤ ਸਿੰਘ ਇੰਚਾਰਜ ਅਰਥ-ਸ਼ਾਸਤਰ ਵਿਭਾਗ ਵਲੋਂ ਕਾਨਫ਼ਰੰਸ ਨੂੰ ਹੋਰ ਬਿਹਤਰ ਬਣਾਉਣ ਲਈ ਅਹਿਮ ਸੁਝਾਅ ਦਿੱਤੇ ਗਏ।