ਫ਼ਤਹਿਗੜ੍ਹ ਸਾਹਿਬ, 1 ਜੁਲਾਈ (ਬਲਜਿੰਦਰ ਸਿੰਘ)- ਸੰਤ ਬਾਬਾ ਸਰਦਾਰਾ ਸਿੰਘ ਦੀ ਯਾਦ ’ਚ 26ਵੀਂ ਬਰਸੀ ਅੱਜ 17 ਹਾੜ ਨੂੰ ਡੇਰਾ ਯਾਦਗਾਰ ਸੰਤ ਬਾਬਾ ਅਜੀਤ ਸਿੰਘ ਜੀ ਨਥਮੱਲਪੁਰ (ਫ਼ਤਹਿਗੜ੍ਹ ਸਾਹਿਬ) ਵਿਖੇ ਸੰਤ ਬਾਬਾ ਮੇਜਰ ਸਿੰਘ ਭੁੱਚੀ ਵਾਲਿਆਂ ਦੀ ਸਰਪ੍ਰਸਤੀ ਹੇਠ ਬੜੇ ਪ੍ਰੇਮ ਅਤੇ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਸਬੰਧੀ 21 ਜੂਨ ਤੋਂ ਆਰੰਭ ਪੰਜ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਭਾਈ ਸਾਹਿਬ ਸਰਪ੍ਰੀਤ ਸਿੰਘ ਨੇ ਸੰਤ ਬਾਬਾ ਸਰਦਾਰਾ ਸਿੰਘ ਦੀਆਂ ਜੀਵਨ ਸਾਖੀਆਂ ਅਤੇ ਮਹਾਪੁਰਖਾਂ ਦੀ ਮਰਯਾਦਾ ਬਾਰੇ ਚਾਨਣਾ ਪਾਇਆ। ਉਨ੍ਹਾਂ ਮਹਾਂਪੁਰਖਾਂ ਦੇ ਪ੍ਰਵਚਨ ਸੰਗਤਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਸਾਧੂ, ਸੰਤ ਹੀ ਜੀਵ ਨੂੰ ਪਰਮਾਰਥ ਦਾ ਰਾਹ ਦਿਖਾਉਂਦੇ ਹਨ ਅਤੇ ਗੁਰੂ ਤੋਂ ਬਿਨਾ ਮਨੁੱਖ ਦਾ ਜੀਵਨ ਬੇਅਰਥ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਕਲਿਆਣਕਾਰੀ ਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿਚ ਕਮਾਉਂਦੇ ਹੋਏ ਹੱਕ, ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ, ਨਾਮ ਜਪਣਾ, ਕਿਰਤ ਕਰਨਾ ਤੇ ਵੰਡ ਛਕਣ ਦੇ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਮਨੁੱਖ ਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਇਸ ਸਿਧਾਂਤ ਨੂੰ ਅਪਣਾਉਣ ਤੋਂ ਬਿਨਾਂ ਇਨਸਾਨ ਦਾ ਹੰਕਾਰ ਤੇ ਤ੍ਰਿਸ਼ਨਾ ਨਹੀਂ ਮਿਟ ਸਕਦੀ। ਉਨ੍ਹਾਂ ਕਿਹਾ ਕਿ ਬਾਣੀ ਵਿਚ ਹੀ ਸੰਤਾਂ ਦੀ ਮਹਿਮਾ ਦਾ ਜ਼ਿਕਰ ਆਉਂਦਾ ਹੈ, ਇਸ ਲਈ ਸੰਤ ਮਹਾਂਪੁਰਸ਼ਾਂ ਦੇ ਜੀਵਨ ਦੀਆਂ ਸਾਖੀਆਂ ਸਰਵਣ ਕਰਨ ਦੇ ਨਾਲ-ਨਾਲ ਸਾਨੂੰ ਉਨ੍ਹਾਂ ਦੇ ਪ੍ਰਵਚਨਾਂ ਨੂੰ ਵੀ ਕਮਾਉਣਾ ਚਾਹੀਦਾ ਹੈ ਤਾਂ ਜੋ ਮਨੁੱਖ ਦਾ ਪਰਲੋਕ ਸੁਹੇਲਾ ਹੋ ਸਕੇ। ਭਾਈ ਸਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਬਾਬਾ ਸਰਦਾਰਾ ਸਿੰਘ ਨੇ ਆਪਣਾ ਸਾਰਾ ਜੀਵਨ ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲਿਆਂ ਨੂੰ ਸਮਰਪਿਤ ਕੀਤਾ ਅਤੇ ਉਹ ਨਥਮਲਪੁਰ ਰਹਿ ਕੇ ਬਾਬਾ ਹਰਨੇਕ ਸਿੰਘ ਜੀ ਦੇ ਨਾਲ ਖੇਤੀਬਾੜੀ ਦਾ ਕਿੱਤਾ ਕਰਿਆ ਕਰਦੇ ਸਨ । ਇਸ ਤੋਂ ਇਲਾਵਾ ਉਹ ਆਪਣੇ ਜਥੇ ਸਮੇਤ ਬਿਨਾਂ ਭੇਟਾ ਸ੍ਰੀ ਸਹਿਜ ਪਾਠ ਅਤੇ ਸ੍ਰੀ ਅਖੰਡ ਸਾਹਿਬ ਦੀ ਸੇਵਾ ਵੀ ਨਿਭਾਉਂਦੇ ਸਨ। ਉਨ੍ਹਾਂ ਦਾ ਸਮੁੱਚਾ ਜੀਵਨ ਮਨੁੱਖਤਾ ਲਈ ਰਾਹ ਦਸੇਰਾ ਹੈ। ਇਸ ਮੌਕੇ ਭਾਈ ਹਰਜਿੰਦਰ ਸਿੰਘ ਅਕਾਲ ਆਸ਼ਰਮ ਸੁਹਾਣੇ ਵਾਲੇ, ਭਾਈ ਕਰਮਜੀਤ ਸਿੰਘ ਲੰਬਿਆਂ ਵਾਲੇ, ਜਸਵੰਤ ਸਿੰਘ ਨੰਨਹੇੜੀਆਂ ਅਤੇ ਭਗਤ ਕੌਰ ਕੈਨੇਡਾ ਨੇ ਸੰਗਤਾਂ ਨੂੰ ਗੁਰਬਾਣੀ ਦੀਆਂ ਕਥਾ ਵਿਚਾਰਾਂ ਸੁਣਾ ਨਿਹਾਲ ਕੀਤਾ ਅਤੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਵਿਚਾਰਧਾਰਾ ’ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਵਿਚ ਭਾਈ ਰਾਮ ਸਿੰਘ, ਭਾਈ ਦਰਸ਼ਨ ਸਿੰਘ, ਭਾਈ ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਨਛੱਤਰ ਸਿੰਘ ਨੇ ਬਾਖ਼ੂਬੀ ਨਿਭਾਈ।