ਖਮਾਣੋਂ, 5 ਜੁਲਾਈ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਮੁਫ਼ਤ ਦੀਆਂ ਖੈਰਾਤਾਂ ਵੰਡਣੀਆਂ ਛੱਡ ਕੇ ਮਿਹਨਤਕਸ਼ ਲੋਕਾਂ ਦੇ ਭਲਾਈ ਤੇ ਫ਼ਾਇਦੇ ਲਈ ਸਾਰਥਿਕ ਉਪਰਾਲੇ ਕਰੇ ਤਾਂ ਜੋ ਸਰਕਾਰ ਆਪਣਾ ਅਸਲ ਫਰਜ਼ ਨਿਭਾ ਸਕੇ। ਇਹ ਸੁਝਾਅ ਇਲਾਕੇ ਦੇ ਸਫਲ ਡੇਅਰੀ ਫਾਰਮਰ ਮਹਿੰਦਰ ਸਿੰਘ ਜਟਾਣਾਂ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਖਮਾਣੋਂ ਨੇ ਦਿੰਦਿਆਂ ਦੱਸਿਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇ ਜ਼ਰੀਏ ਆਤਮ ਨਿਰਭਰ ਬਣਾਉਣ ਲਈ ਕੋਈ ਇਕ ਵੀ ਰੁਜ਼ਗਾਰ ਦਾ ਸਾਧਨ ਸ਼ੁਰੂ ਨਹੀਂ ਹੋ ਸਕਿਆ, ਸਗੋਂ ਮੌਜੂਦਾ ਸਥਿਤੀ ਇਹ ਹੈ ਕਿ ਪੋਲਟਰੀ ਵਰਗੇ ਕਾਮਯਾਬ ਧੰਦੇ ਸ਼ੁਰੂਆਤ ਕਰਵਾਉਣ ਵਾਲਾ ਵਿਭਾਗ ਖ਼ਤਮ ਹੋ ਚੁੱਕਾ ਹੈ। ਅਜਿਹਾ ਹੀ ਹਾਲ ਹੋਰਨਾਂ ਸਹਾਇਕ ਧੰਦਿਆਂ ਨਾਲ ਜੁੜੇ ਵਿਭਾਗਾਂ ਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਹੋਰ ਕਾਰੋਬਾਰ ਡੇਅਰੀ ਫਾਰਮਿੰਗ ਦਾ ਧੰਦਾ ਸੀ ਤਾਂ ਇਹ ਵੀ ਸਰਕਾਰ ਦੀ ਨਾਲਾਇਕੀ ਕਾਰਨ ਡੁੱਬਣ ਕਿਨਾਰੇ ਹੈ, ਕਿਉਂਕਿ ਦੁੱਧ ਦਾ ਭਾਅ ਫੀਡ ਦੇ ਮੁਕਾਬਲੇ ਵਾਧੇ ਵਜੋਂ ਨਿਗੂਣਾ ਹੈ। ਜਦਕਿ ਫੀਡ ਦੇ ਭਾਅ ਫੀਡ ਕੰਪਨੀਆਂ ਰੋਜ਼ ਵਧਾ ਰਹੀਆਂ ਹਨ, ਜਿਸ ’ਤੇ ਸਰਕਾਰ ਕੋਈ ਕੰਟਰੋਲ ਨਹੀਂ ਕਰ ਸਕਦੀ। ਦੁੱਧ ਦੇ ਭਾਅ ਤੇ ਇਜ਼ਾਫਾ ਕਰਨਾ ਮਿਲਕਫ਼ੈੱਡ ਜਿਹੇ ਅਦਾਰੇ ਆਪਣੀ ਡਿਊਟੀ ਨਹੀਂ ਸਮਝ ਰਹੇ। ਚਲਾਕ ਤੇ ਬੇਈਮਾਨ ਲੋਕ ਨਕਲੀ ਦੁੱਧ ਦਾ ਕਾਰੋਬਾਰ ਕਰਕੇ ਡੇਅਰੀ ਦੇ ਕੰਮ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਲੋਕਾਂ ਦੀ ਅਣਮੁੱਲੀ ਸਿਹਤ ਦੀ ਖਿੱਲੀ ਉਡਾ ਰਹੇ ਹਨ।