ਅਮਲੋਹ, 5 ਜੁਲਾਈ (ਕੇਵਲ ਸਿੰਘ/ਅੰਮ੍ਰਿਤ ਸ਼ੇਰਗਿੱਲ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ. ਆਈ. ਆਰ.) ਤਹਿਤ ਹਲਕਾ ਅਮਲੋਹ ਵਿਖੇ ਇਨੂਮੀਰੇਸ਼ਨ ਫਾਰਮ ਭਰਵਾ ਕੇ ਇਕੱਠੇ ਕਰਨ ਅਤੇ ਉਨ੍ਹਾਂ ਦੀ ਡਿਜ਼ੀਟਾਈਜ਼ੇਸ਼ਨ ਲਈ ਲਗਾਏ ਗਏ ਕੈਂਪਾਂ ਦਾ ਐਡ. ਡੀ. ਐਮ. ਅਮਲੋਹ ਹਰਵੀਰ ਕੌਰ ਵਲੋਂ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਇਨੂਮੀਰੇਸ਼ਨ ਫਾਰਮ ਨੂੰ ਪੂਰੀ ਸ਼ੁੱਧਤਾ ਅਤੇ ਸਮੇਂ ਸਿਰ ਡਿਜ਼ੀਟਾਈਜ਼ ਕੀਤਾ ਜਾਵੇ ਤਾਂ ਜੋ ਵੋਟਰ ਸੂਚੀਆਂ ਨੂੰ ਸਹੀ ਅਤੇ ਅੱਪਡੇਟ ਬਣਾਇਆ ਜਾ ਸਕੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹਲਕਾ ਅਮਲੋਹ ਦੇ ਜਿਹੜੇ ਬੀ. ਐਲ. ਓ. ਆਪਣੇ ਪੱਧਰ ’ਤੇ ਫਾਰਮਾਂ ਨੂੰ ਡਿਜ਼ੀਟਾਈਜ਼ ਕਰਨ ਵਿਚ ਅਸਮਰਥ ਹਨ, ਉਨ੍ਹਾਂ ਦੀ ਸਹਾਇਤਾ ਲਈ ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਿਸ਼ੇਸ਼ ਹੈਲਪ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਹੈਲਪ ਸੈਂਟਰ ਰਾਹੀਂ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਡਿਜ਼ੀਟਾਈਜ਼ੇਸ਼ਨ ਦਾ ਕੰਮ ਨਿਰਵਿਘਨ ਤੇ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਬੀ. ਐਲ. ਓਜ਼ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਯੋਗ ਵੋਟਰਾਂ ਨਾਲ ਸੰਪਰਕ ਕਰਕੇ ਇਨੂਮੀਰੇਸ਼ਨ ਫਾਰਮ ਪ੍ਰਾਪਤ ਕੀਤੇ ਜਾਣ ਅਤੇ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ, ਸਹੀ ਅਤੇ ਸਮਾਂਬੱਧ ਢੰਗ ਨਾਲ ਮੁਕੰਮਲ ਕੀਤਾ ਜਾਵੇ।