ਮੰਡੀ ਗੋਬਿੰਦਗੜ੍ਹ, 25 ਜੁਲਾਈ (ਰਾਜੇਸ਼ ਸ਼ਰਮਾ)-ਇਸਕਾਨ ਫ਼ੈਸਟੀਵਲ ਕਮੇਟੀ ਮੰਡੀ ਗੋਬਿੰਦਗੜ੍ਹ ਤੇ ਅੰਤਰਰਾਸ਼ਟਰੀ ਸ਼੍ਰੀ ਕ੍ਰਿਸ਼ਨ ਭਗਤੀ ਸੰਘ ਚੰਡੀਗੜ੍ਹ ਦੇ ਸਾਂਝੇ ਉਪਰਾਲੇ ਹੇਠ 27 ਜੁਲਾਈ ਨੂੰ ਕੱਢੀ ਜਾਣ ਵਾਲੀ 24ਵੀਂ ਵਿਸ਼ਾਲ ਭਗਵਾਨ ਜਗਨਨਾਥ ਰੱਥ ਯਾਤਰਾ ਦੀਆਂ ਤਿਆਰੀਆਂ ਸੰਬੰਧੀ ਸਥਾਨਕ ਹੋਟਲ ਵਿਚ ਚੇਅਰਮੈਨ ਪ੍ਰਿਆ ਗੋਵਿੰਦ ਦਾਸ, ਪਵਨ ਸਚਦੇਵਾ ਤੇ ਪ੍ਰਧਾਨ ਰਾਜ ਗੋਇਲ ਦੀ ਪ੍ਰਧਾਨਗੀ ਹੇਠ ਪ੍ਰੈੱਸ ਕਾਨਫ਼ਰੰਸ ਸੱਦੀ ਗਈ। ਇਸ ਮੌਕੇ ਇਸਕਾਨ ਚੰਡੀਗੜ੍ਹ ਦੇ ਅਕਿਨਚਨ ਪ੍ਰਿਆ ਦਾਸ ਨੇ ਕਿਹਾ ਕਿ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਸਿਰਫ਼ ਧਾਰਮਿਕ ਸਮਾਗਮ ਨਹੀਂ, ਸਗੋਂ ਪਿਆਰ, ਭਾਈਚਾਰੇ, ਸ਼ਾਂਤੀ ਤੇ ਮਨੁੱਖਤਾ ਦਾ ਸੰਦੇਸ਼ ਦੇਣ ਵਾਲਾ ਮਹਾਂਉਤਸਵ ਹੈ। ਉਨ੍ਹਾਂ ਦੱਸਿਆ ਕਿ ਪੂਰੀ (ਓਡੀਸ਼ਾ) ਦੀ ਵਿਸ਼ਵ ਪ੍ਰਸਿੱਧ ਰੱਥ ਯਾਤਰਾ ਤੋਂ ਪ੍ਰੇਰਿਤ ਇਹ ਪ੍ਰੰਪਰਾ ਅੱਜ ਦੁਨੀਆ ਦੇ ਸੈਂਕੜਿਆਂ ਸ਼ਹਿਰਾਂ ਵਿਚ ਇਸਕਾਨ ਰਾਹੀਂ ਮਨਾਈ ਜਾਂਦੀ ਹੈ। ਮੰਡੀ ਗੋਬਿੰਦਗੜ੍ਹ ਵਿਚ ਵੀ ਇਹ ਯਾਤਰਾ ਪਿਛਲੇ 24 ਸਾਲਾਂ ਤੋਂ ਲਗਾਤਾਰ ਸ਼ਰਧਾ ਤੇ ਉਤਸ਼ਾਹ ਨਾਲ ਕੱਢੀ ਜਾ ਰਹੀ ਹੈ, ਜਿਸ ਵਿਚ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੁੰਦੇ ਹਨ। ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਆਰ. ਕੇ. ਬੱਸੀ ਨੇ ਦੱਸਿਆ ਕਿ 27 ਜੁਲਾਈ ਨੂੰ ਵਿਸ਼ਾਲ ਰੱਥ ਯਾਤਰਾ ਸ੍ਰੀ ਰਾਮ ਮੰਦਰ, ਜੀ. ਟੀ. ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਲੰਘਦੀ ਹੋਈ ਮੁੜ ਸ੍ਰੀ ਰਾਮ ਮੰਦਰ ਵਿਖੇ ਸਮਾਪਤ ਹੋਵੇਗੀ। ਯਾਤਰਾ ਦੌਰਾਨ ਹਰਿਨਾਮ ਸੰਕੀਰਤਨ, ਭਜਨ-ਕੀਰਤਨ, ਫੁੱਲਾਂ ਦੀ ਵਰਖਾ ਤੇ ਵੱਖ-ਵੱਖ ਥਾਵਾਂ ’ਤੇ ਭਗਤਾਂ ਵਲੋਂ ਰੱਥ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਰੱਥ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕਰਦਿਆਂ ਵੱਖ-ਵੱਖ ਪ੍ਰਬੰਧਾਂ ਲਈ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਇਸ ਮੌਕੇ ਕੈਸ਼ੀਅਰ ਅਸ਼ੋਕ ਸਿੰਗਲਾ, ਮੀਤ ਪ੍ਰਧਾਨ ਦਿਨੇਸ਼ ਮਹਿਤਾ, ਸੰਦੀਪ ਜਿੰਦਲ, ਸੰਦੀਪ ਗੋਇਲ, ਸੁਮਨ ਗੋਇਲ, ਰਾਕੇਸ਼ ਜਿੰਦਲ, ਉਮੇਸ਼ ਅਗਰਵਾਲ, ਮੋਤੀ ਲਾਲ ਸੇਤੀਆ, ਗੋਲਡੀ ਪਨੇਸਰ, ਵਿਵੇਕ ਸਿੰਗਲਾ ਤੇ ਹੋਰ ਮੈਂਬਰ ਹਾਜ਼ਰ ਸਨ।