ਪਠਾਨਕੋਟ, 14 ਜੂਨ (ਸੁਮਿਤ)-ਪਠਾਨਕੋਟ ਦੇ ਸੁੰਦਰ ਨਗਰ ਇਲਾਕੇ 'ਚ ਸੜਕ ਕਿਨਾਰੇ ਅਤੇ ਰਿਹਾਇਸ਼ੀ ਇਲਾਕੇ ਵਿਚਕਾਰ ਲੱਗੇ ਉੱਚੇ ਸਫ਼ੈਦੇ ਦੇ ਦਰੱਖ਼ਤ ਸਥਾਨਕ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਦਰੱਖ਼ਤ ਕਾਫ਼ੀ ਪੁਰਾਣੇ ਹੋ ਚੁੱਕੇ ਹਨ ਅਤੇ ਤੇਜ਼ ਹਵਾਵਾਂ ਜਾਂ ਬਰਸਾਤ ਦੌਰਾਨ ਇਨ੍ਹਾਂ ਦੇ ਡਿੱਗਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ | ਲੋਕਾਂ ਨੂੰ ਡਰ ਹੈ ਕਿ ਜੇਕਰ ਸਮੇਂ ਸਿਰ ਇਨ੍ਹਾਂ ਦੀ ਛੰਗਾਈ ਜਾਂ ਢੰਗ ਨਾਲ ਜਾਂਚ ਨਾ ਕੀਤੀ ਗਈ ਤਾਂ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ | ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਦਰੱਖਤਾਂ ਦੀਆਂ ਵੱਡੀਆਂ-ਵੱਡੀਆਂ ਟਾਹਣੀਆਂ ਘਰਾਂ ਅਤੇ ਬਿਜਲੀ ਦੀਆਂ ਤਾਰਾਂ ਤੱਕ ਪਹੁੰਚ ਚੁੱਕੀਆਂ ਹਨ | ਬਰਸਾਤ ਤੇ ਤੂਫ਼ਾਨੀ ਮੌਸਮ ਦੌਰਾਨ ਟਾਹਣੀਆਂ ਟੁੱਟ ਕੇ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਜਾਨ-ਮਾਲ ਦੇ ਨੁਕਸਾਨ ਦੀ ਸੰਭਾਵਨਾ ਹੈ | ਬੱਚਿਆਂ, ਬਜ਼ੁਰਗਾਂ ਅਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਮੌਕੇ ਦਾ ਨਿਰੀਖਣ ਕਰਕੇ ਦਰਖਤਾਂ ਦੀ ਹਾਲਤ ਦੀ ਜਾਂਚ ਕਰਵਾਈ ਜਾਵੇ ਅਤੇ ਲੋੜ ਪੈਣ 'ਤੇ ਉਨ੍ਹਾਂ ਦੀ ਛੰਗਾਈ ਜਾਂ ਹੋਰ ਜ਼ਰੂਰੀ ਕਾਰਵਾਈ ਕੀਤੀ ਜਾਵੇ | ਲੋਕਾਂ ਦਾ ਕਹਿਣਾ ਹੈ ਕਿ ਕਿਸੇ ਅਣਹੋਣੀ ਘਟਨਾ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਸੁਰੱਖਿਆ ਉਪਾਅ ਕੀਤੇ ਜਾਣ ਤਾਂ ਜੋ ਸੰਭਾਵਿਤ ਹਾਦਸਿਆਂ ਨੂੰ ਰੋਕਿਆ ਜਾ ਸਕੇ |