ਬਟਾਲਾ, 1 ਜੁਲਾਈ (ਸਤਿੰਦਰ ਸਿੰਘ)-ਮਾਨ ਸਰਕਾਰ ਨੇ ਸੂਬੇ ਦੇ ਹਰ ਧਰਮ ਤੇ ਹਰ ਜਾਤ ਨੂੰ ਬਣਦਾ ਸਨਮਾਨ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫ਼ਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਕੀਤਾ। ਉਨ੍ਹਾਂ ਫ਼ਤਹਿਗੜ੍ਹ ਚੂੜੀਆਂ ਤੋਂ ਬਲਦੇਵ ਸਿੰਘ ਸਰਪੰਚ (ਪਿੰਡ ਬਾਜਪੁਰ) ਨੂੰ ਜ਼ਿਲ੍ਹਾ ਗੁਰਦਾਸਪੁਰ ਵੈਲਫ਼ੇਅਰ ਬੋਰਡ ਦਾ ਚੇਅਰਮੈਨ ਤੇ ਬਲਕਾਰ ਸਿੰਘ (ਪਿੰਡ ਰਸੂਲਪੁਰ ਟੱਪਰੀਆਂ) ਨੂੰ ਸਟੇਟ ਵੈਲਫ਼ੇਅਰ ਬੋਰਡ ਦਾ ਮੈਂਬਰ ਨਿਯੁਕਤ ਹੋਣ ’ਤੇ ਦਿਲੋਂ ਵਧਾਈ ਦਿੱਤੀ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਨੇ ਇਸ ਸਨਮਾਨ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਸਮੁੱਚੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸ: ਪੰਨੂੰ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਹਰ ਵਰਗ ਨੂੰ ਬਰਾਬਰ ਨੁਮਾਇੰਦਗੀ ਤੇ ਮੌਕੇ ਮਿਲਣਗੇ ਤਾਂ ਜੋ ਹਰ ਭਾਈਚਾਰੇ ਦੀ ਆਵਾਜ਼ ਮਜ਼ਬੂਤੀ ਨਾਲ ਬੁਲੰਦ ਹੋਵੇ ਤੇ ਪੰਜਾਬ ਤਰੱਕੀ ਦੇ ਰਾਹ ’ਤੇ ਹੋਰ ਅੱਗੇ ਵਧੇ। ਇਸ ਮੌਕੇ ਸਰਪੰਚ ਜਸਵੰਤ ਸਿੰਘ ਰਸੂਲਪੁਰ ਟੱਪਰੀਆਂ, ਮੈਂਬਰ ਕੁਲਵੰਤ ਸਿੰਘ, ਮੈਂਬਰ ਮਨਜੀਤ ਸਿੰਘ, ਮਨਦੀਪ ਕੌਰ, ਬਲਵਿੰਦਰ ਸਿੰਘ, ਸਰਪੰਚ ਸੁਰਜਨ ਸਿੰਘ ਦਾਬਾਂਵਾਲ, ਰਾਜੂ ਸਰਪੰਚ ਚੱਕ ਖਾਸਾ ਕੁੱਲੀਆਂ, ਰਾਜਵਿੰਦਰ ਸਿੰਘ ਮੈਂਬਰ ਪੰਚਾਇਤ ਬਾਜਪੁਰ, ਸਰਵਣ ਸਿੰਘ, ਸਤਪਾਲ ਸਿੰਘ, ਸਾਬਾ, ਕੇਹਰ ਸਿੰਘ ਆਦਿ ਹਾਜ਼ਰ ਰਹੇ।