ਗੁਰਦਾਸਪੁਰ, 1 ਜੁਲਾਈ (ਅਸ਼ੋਕ ਸ਼ਰਮਾ)-ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਵਲੋਂ ਗੁਰਦਾਸਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਆਧੁਨਿਕ ਬਣਾਉਣ ਲਈ 6 ਸਾਲਾ ਤੋਂ ਕੰਮ ਚੱਲ ਰਿਹਾ ਹੈ ਤੇ ਅਜੇ ਅਨੇਕਾਂ ਪ੍ਰੋਜੈਕਟ ਅਧੂਰੇ ਪਏ ਹਨ। ਇਸ ਸਬੰਧੀ ਰੇਲਵੇ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਤਿੰਨ ਪਲੇਟਫ਼ਾਰਮਾਂ ਦਾ ਕੰਮ ਸ਼ੁਰੂ ਹੋਇਆ ਹੈ ਤੇ ਸਿਰਫ਼ ਦੋ ਪਲੇਟਫ਼ਾਰਮਾਂ ਦਾ ਕੰਮ ਚੱਲ ਰਿਹਾ ਹੈ। ਜਦੋਂ ਕਿ ਪਹਿਲਾਂ ਰੇਲਵੇ ਸਟੇਸ਼ਨ ’ਤੇ ਤਿੰਨ ਲਾਈਨਾਂ ਚੱਲਦੀਆਂ ਸਨ ਤੇ ਚੌਥੀ ਲਾਈਨ ਦਾ ਕੰਮ ਹੋ ਰਿਹਾ ਹੈ।ਇਸ ਤੋਂ ਇਲਾਵਾ ਨਵੀਂ ਕਿਸਮ ਦਾ ਅੰਡਰਬ੍ਰਿਜ ਵੀ ਬਣਾਇਆ ਜਾ ਰਿਹਾ ਹੈ, ਜਿਸ ਦਾ ਕੰਮ ਢਿੱਲੀ ਰਫ਼ਤਾਰ ਨਾਲ ਚੱਲਣ ਕਰਕੇ ਮਹਿਕਮੇ ਦੇ ਠੇਕੇਦਾਰਾਂ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।ਉਨ੍ਹਾਂ ਦੱਸਿਆ ਕਿ ਠੇਕੇਦਾਰ ਵਲੋਂ ਸਟੇਸ਼ਨ ਦਾ ਮੁੱਖ ਦੁਆਰ ਬਣਾ ਦਿੱਤਾ ਹੈ। ਪਰ ਬਾਕੀ ਅੰਦਰ ਚੱਲ ਰਹੇ ਅਨੇਕਾਂ ਕੰਮ ਅਧੂਰੇ ਹਨ। ਰੇਲਵੇ ਸਟੇਸ਼ਨ ’ਤੇ ਪਖਾਨਿਆਂ ਦੀ ਹਾਲਤ ਖਸਤਾ ਬਣੀ ਹੈ ਅਤੇ ਨਵੇਂ ਬਣਾਏ ਜਾ ਰਹੇ ਪਖਾਨਿਆਂ ਨੂੰ ਅਜੇ ਬੰਦ ਕੀਤਾ ਹੋਣ ਕਰਕੇ ਯਾਤਰੀਆਂ ਨੂੰ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਹੋਰ ਤੇ ਹੋਰ ਸਟੇਸ਼ਨ ਦੀ ਖਾਲੀ ਜ਼ਮੀਨ ’ਤੇ ਜੜੀ ਬੂਟੀ ਦੀ ਭਰਮਾਰ ਹੋਣ ਕਾਰਨ ਕੀੜੇ ਮਕੌੜੇ ਪੈਦਾ ਹੋ ਰਹੇ ਹਨ। ਜਦੋਂ ਇਸ ਮਾਮਲੇ ਸਬੰਧੀ ਰੇਲਵੇ ਵਿਭਾਗ ਦੇ ਠੇਕੇਦਾਰ ਪਠਾਨਕੋਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਕੁਝ ਵੀ ਦੱਸਣ ਨੁੰ ਤਿਆਰ ਨਹੀਂ ਹੁੰਦੇ। ਉਨ੍ਹਾਂ ਦੱਸਿਆ ਕਿ ਪਲੇਟਫ਼ਾਰਮਾਂ ਦੇ ਕੁਝ ਹਿੱਸਿਆਂ ’ਤੇ ਸਫ਼ਾਈ ਦਾ ਮਾੜਾ ਹਾਲ ਹੈ। ਇਸ ਸਬੰਧੀ ਸਟੇਸ਼ਨ ਮਾਸਟਰ ਗੁੰਜਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਜੋ ਵੀ ਕੰਮ ਚੱਲ ਰਿਹਾ ਹੈ, ਉਹ ਠੇਕੇਦਾਰ ਰਾਹੀਂ ਹੋ ਰਿਹਾ ਹੈ। ਰੇਲਵੇ ਵਿਭਾਗ ਦੇ ਆਗੂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਕਰੋੜਾਂ ਰੁਪਏ ਦਾ ਕੰਮ ਚੱਲ ਰਿਹਾ ਹੈ ਅਤੇ ਠੇਕੇਦਾਰ ਵਲੋਂ ਜੋ ਕੰਮ ਕਰਵਾਇਆ ਜਾ ਰਿਹਾ ਹੈ, ਉਸ ਦੀ ਕਿਸੇ ਏਜੰਸੀ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ, ਜਿਸ ਨਾਲ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ। ਦੱਸਣਯੋਗ ਹੈ ਕਿ ਇਸ ਰੇਲਵੇ ਸਟੇਸ਼ਨ ’ਤੇ ਰੋਜ਼ਾਨਾ ਕਰੀਬ 12 ਰੇਲਗੱਡੀਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ।