ਗੁਰਦਾਸਪੁਰ, 1 ਜੁਲਾਈ (ਚੱਕਰਾਜਾ)-ਮਸੀਹ ਭਾਈਚਾਰੇ ਦੇ ਆਗੂਆਂ ਦੀ ਮੀਟਿੰਗ ਸਾਹਿਬ ਮਸੀਹ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਮੁਨੱਵਰ ਮਸੀਹ ਨੇ ਭਾਈਚਾਰੇ ਨਾਲ ਵਿਚਾਰ ਵਟਾਂਦਰਾ ਕਰਦਿਆਂ 4 ਜੁਲਾਈ ਨੂੰ ਸਵੇਰੇ 10 ਵਜੇ ਜੇਲ੍ਹ ਰੋਡ ਗੁਰਦਾਸਪੁਰ ਤੇ ਮੁਕਤੀ ਫ਼ੌਜ ਦੇ ਹੈੱਡ ਕੁਆਰਟਰ ਚਰਚ ਵਿਖੇ ਹੋਣ ਜਾ ਰਹੀ ਮੀਟਿੰਗ ਵਿਚ ਸਾਰੇ ਮਿਸ਼ਨਾਂ ਦੇ ਪਾਦਰੀ ਸਾਹਿਬਾਨਾਂ ਤੇ ਆਜ਼ਾਦ ਪਾਸਟਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਾਲ 28, 29 ਤੇ 30 ਸਤੰਬਰ ਨੂੰ ਹੋਣ ਵਾਲੇ ਸਾਂਝਾ ਮਸੀਹ ਸੰਮੇਲਨ ਦੇ ਸਬੰਧ ਵਿਚ ਭਾਈਚਾਰੇ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਇਸ ਸੰਮੇਲਨ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਆਗੂਆਂ ਦੇ ਸੁਝਾਅ ਵੀ ਲਏ। ਉਨ੍ਹਾਂ ਕਿਹਾ ਕਿ ਇਸ ਵਾਰ ਦਾ 12ਵਾਂ ਸੰਮੇਲਨ ਰਾਜਨੀਤਿਕ ਉਦੇਸ਼ਾਂ ਤੋਂ ਦੂਰ ਰਹਿ ਕੇ ਨਿਰੋਲ ਧਾਰਮਿਕ ਸੰਮੇਲਨ ਹੋਵੇਗਾ, ਜਿਸ ਦਾ ਮੁੱਖ ਉਦੇਸ਼ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ, ਸਾਰੇ ਪੰਜਾਬ ਦੀ ਖ਼ੁਸ਼ਹਾਲੀ ਲਈ ਸ਼ਾਂਤੀ ਤੇ ਤਰੱਕੀ ਦਾ ਸੰਦੇਸ਼ ਦੇਣਾ ਅਤੇ ਨੌਜਵਾਨਾਂ ਨੂੰ ਨਸ਼ਾ ਰਹਿਤ ਜੀਵਨ ਗੁਜ਼ਾਰਨ ਤੋਂ ਇਲਾਵਾ ਆਪਣੇ ਧਰਮ ਦੀ ਸਿੱਖਿਆ ਵਿਚ ਪੱਕੇ ਰਹਿਣ ਤੇ ਦੂਜੇ ਧਰਮ ਦਾ ਸਤਿਕਾਰ ਕਰਨਾ, ਪ੍ਰਭੂ ਦੇ ਰਾਜ ਦੀ ਤਿਆਰ ਵਿਚ ਮੁੱਢਲੇ ਸਿਧਾਂਤਾਂ ਦੀ ਪਾਲਨਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿਚ ਦੂਰ ਦੁਰਾਡੇ ਦੇਸ਼ਾਂ ਤੋਂ ਵੀ ਲੋਕ ਸ਼ਾਮਿਲ ਹੋਣਗੇ। ਉਨ੍ਹਾਂ ਨੇ ਧਰਮ ਦੀ ਆੜ ’ਚ ਨਫ਼ਰਤ ਦਾ ਬੀਜ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਇਸ ਸਮਾਗਮ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਤੇ ਪੈਗ਼ੰਬਰਾਂ ਦੀ ਧਰਤੀ ਹੈ, ਜਿਸ ਨੂੰ ਹੋਰ ਖ਼ੁਸ਼ਹਾਲ ਬਣਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ। ਇਸ ਮੌਕੇ ਸਰਪੰਚ ਅਨਵਰ ਮਸੀਹ, ਪ੍ਰਧਾਨ ਯੂਸਫ਼ ਮਸੀਹ, ਸਰਪੰਚ ਸੰਜੀਵ, ਪਾਸਟਰ ਅਨੈਤ, ਡਾ: ਰਾਕੇਸ਼ ਵਿਲੀਅਮ, ਵਿਕਟਰ ਮਸੀਹ ਧਾਰੀਵਾਲ, ਨਿਰਮਲ ਮਸੀਹ ਬੱਲ ਤੇ ਮੇਜਰ ਮੰਗਾ ਆਦਿ ਹਾਜ਼ਰ ਸਨ।