ਪਠਾਨਕੋਟ, 1 ਜੁਲਾਈ (ਸੁਮਿਤ)-ਪਠਾਨਕੋਟ ਵਿਚ ਇਕ ਆਟੋ ਰਿਕਸ਼ਾ ਚਾਲਕ ਤੇ ਉਸ ਦੇ ਸਾਥੀਆਂ ਵਲੋਂ ਜੰਮੂ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਲੁੱਟ ਖੋਹ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-2 ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਦੇ ਆਧਾਰ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੀੜਤ ਰਾਤ ਕਰੀਬ 10 ਵਜੇ ਜੰਮੂ ਤੋਂ ਰੇਲ ਰਾਹੀਂ ਪਠਾਨਕੋਟ ਰੇਲਵੇ ਸਟੇਸ਼ਨ ਪਹੁੰਚਿਆ ਸੀ। ਉਸ ਨੇ ਹਿਮਾਚਲ ਪ੍ਰਦੇਸ਼ ਦੇ ਇੰਦੌਰਾ ਵਿਚ ਕੰਮ ‘ਤੇ ਜਾਣਾ ਸੀ। ਰੇਲਵੇ ਸਟੇਸ਼ਨ ਤੋਂ ਬੱਸ ਅੱਡੇ ਜਾਣ ਲਈ ਉਸ ਨੇ ਸਟੇਸ਼ਨ ਦੇ ਬਾਹਰੋਂ ਇਕ ਆਟੋ ਰਿਕਸ਼ਾ ਕੀਤਾ। ਦੋਸ਼ ਹੈ ਕਿ ਰਸਤੇ ਵਿਚ ਆਟੋ ਚਾਲਕ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦਾ ਮੋਬਾਈਲ ਫੋਨ ਤੇ ਨਕਦੀ ਲੁੱਟ ਲਈ। ਇਸ ਤੋਂ ਬਾਅਦ ਮੁਲਜ਼ਮ ਪੀੜਤ ਨੂੰ ਧੀਰਾ ਦੇ ਨਜ਼ਦੀਕ ਇਕ ਸੁੰਨਸਾਨ ਥਾਂ ‘ਤੇ ਛੱਡ ਕੇ ਫ਼ਰਾਰ ਹੋ ਗਏ। ਕਿਸੇ ਤਰ੍ਹਾਂ ਪੀੜਤ ਨੇ ਲੋਕਾਂ ਦੀ ਮਦਦ ਨਾਲ ਪੁਲਿਸ ਨਾਲ ਸੰਪਰਕ ਕੀਤਾ ਅਤੇ ਥਾਣਾ ਡਵੀਜ਼ਨ ਨੰਬਰ-2 ਪਹੁੰਚ ਕੇ ਪੂਰੀ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।