ਪਠਾਨਕੋਟ, 1 ਜੁਲਾਈ (ਸੁਮਿਤ)-ਪਠਾਨਕੋਟ ਵਿਕਾਸ ਮੰਚ ਵਲੋਂ ਸਿਵਲ ਹਸਪਤਾਲ ਵਿਚ ਚਲਾਈ ਜਾ ਰਹੀ ਸਸਤੀ ਰਸੋਈ ਵਿਚ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਤੇ ਉਦਯੋਗਪਤੀ ਨਰੇਸ਼ ਅਗਰਵਾਲ ਨੇ ਆਪਣੇ ਪੋਤੇ ਨਿਤਯਮ ਅਗਰਵਾਲ (ਪੁੱਤਰ ਹਰਸ਼ਿਤ ਅਗਰਵਾਲ) ਦਾ ਜਨਮ ਦਿਨ ਮਨਾਇਆ। ਇਸ ਮੌਕੇ ਉਨ੍ਹਾਂ ਦੇ ਵੱਡੇ ਪੋਤੇ ਉਦਭਵ ਅਗਰਵਾਲ ਵੀ ਹਾਜ਼ਰ ਸਨ। ਸਾਰਿਆਂ ਨੇ ਬਹੁਤ ਹੀ ਖੁਸ਼ੀ ਤੇ ਉਤਸ਼ਾਹ ਨਾਲ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੋਜਨ ਮੁਫ਼ਤ ਵੰਡਿਆ। ਇਸ ਮੌਕੇ ਨਰੇਸ਼ ਅਗਰਵਾਲ ਨੇ ਕਿਹਾ ਕਿ ਉਹ ਪਹਿਲੀ ਵਾਰ ਸਸਤੀ ਰਸੋਈ ਵਿੱਚ ਆਏ ਹਨ ਤੇ ਇੱਥੇ ਭੋਜਨ ਦੀ ਸੁਚੱਜੀ ਵਿਵਸਥਾ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਪੁੰਨ ਦਾ ਕੰਮ ਹੈ, ਜੋ ਪਠਾਨਕੋਟ ਵਿਕਾਸ ਮੰਚ ਪਿਛਲੇ 30 ਸਾਲਾਂ ਤੋਂ ਨਿਰੰਤਰ ਕਰ ਰਿਹਾ ਹੈ ਤੇ ਇਸ ਲਈ ਮੰਚ ਨਾਲ ਜੁੜੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ। ਮੰਚ ਦੇ ਚੇਅਰਮੈਨ ਨਰਿੰਦਰ ਕਾਲਾ, ਉਪ ਚੇਅਰਮੈਨ ਆਦੇਸ਼ ਸਿਆਲ, ਉਪ ਪ੍ਰਧਾਨ ਵਰਿੰਦਰ ਸਾਗਰ ਅਤੇ ਸਸਤੀ ਰਸੋਈ ਇੰਚਾਰਜ ਡਾ. ਰਾਜਿੰਦਰ ਸ਼ਰਮਾ ਨੇ ਅਗਰਵਾਲ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਮੰਚ ਦੇ ਕੈਸ਼ੀਅਰ ਅਰਜੁਨ ਕੁਮਾਰ, ਪਵਨ ਪਠਾਨੀਆ, ਰਾਜਿੰਦਰ ਕੋਹਲੀ, ਉੱਤਮ ਚੰਦ, ਪ੍ਰਤਾਪ ਸਿੰਘ, ਵੇਦ ਪ੍ਰਕਾਸ਼ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।