ਸ੍ਰੀ ਹਰਿਗੋਬਿੰਦਪੁਰ, 6 ਜੁਲਾਈ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ’ਚ ਸਥਿਤ ਬੀ.ਡੀ.ਪੀ.ਓ ਦਫ਼ਤਰ ਵਿਖੇ ਬੀਤੇ ਕਈ ਦਿਨਾਂ ਤੋਂ ਮਨਰੇਗਾ ਯੂਨੀਅਨ ਕਰਮਚਾਰੀਆਂ ਦੀ ਹੜ੍ਹਤਾਲ ਆਪਣੀ ਮੰਗਾਂ ਸਰਕਾਰ ਕੋਲੋਂ ਪੂਰੀਆਂ ਕਰਵਾਉਣ ਦੇ ਸਬੰਧ ਵਿਚ ਚੱਲ ਰਹੀ ਹੈ। ਇਸ ਸਮੇਂ ਬਲਾਕ ਸ੍ਰੀ ਹਰਿਗੋਬਿੰਦਪੁਰ ਦੇ ਅਧੀਂਨ ਆਉਂਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵਲੋਂ ਮਨਰੇਗਾ ਕਰਮਚਾਰੀਆਂ ਦੀ ਚੱਲ ਰਹੀ ਹੜ੍ਹਤਾਲ ਅਤੇ ਬੀ.ਡੀ.ਪੀ.ਓ.ਦਫ਼ਤਰ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਪੁੱਜੇ ਤੇ ਉਨ੍ਹਾਂ ਦੇ ਹੱਕ ਵਿਚ ਨਿਤਰੇ। ਇਸ ਸਮੇਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਪੰਜਾਬ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਮਨਰੇਗਾ ਕਰਮਚਾਰੀਆਂ ਦੀ ਚੱਲ ਰਹੀ ਹੜ੍ਹਤਾਲ ਨੂੰ ਖ਼ਤਮ ਕਰਵਾਇਆ ਜਾਵੇ ਤਾਂ ਕਿ ਪਿੰਡਾਂ ਵਿਚ ਮਨਰੇਗਾ ਯੋਜਨਾਵਾਂ ਤਹਿਤ ਹੋਣ ਵਾਲੇ ਵਿਕਾਸ ਕਾਰਜ ਜੋ ਕਿ ਰੁਕੇ ਹੋਏ ਨੇ ਉਹ ਦੁਬਾਰਾ ਸ਼ੁਰੂ ਹੋਣ ਸਕਣ। ਇਸ ਸਮੇਂ ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸੰਦੀਪ ਸਿੰਘ ਨੇ ਕਿਹਾ ਕਿ ਜਿੰਨ੍ਹਾਂ ਚਿਰ ਤੱਕ ਸਾਡੀਆਂ ਮੰਗਾਂ ਸਰਕਾਰ ਪੂਰੀਆਂ ਨਹੀਂ ਕਰਦੀ, ਕਿਸੇ ਵੀ ਪਿੰਡ ਦੀ ਪੰਚਾਇਤ ਦੇ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਨੂੰ ਇਕ ਮਹੀਨਾ ਹੋ ਗਿਆ ਹੈ ਦਫ਼ਤਰ ਵਿਚ ਧਰਨੇ ’ਤੇ ਬੈਠੇ ਹੋਇਆ ਨੂੰ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਲਈ ਪਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ ਮਨਰੇਗਾ ਕਰਮਚਾਰੀਆਂ ਦਾ ਸਾਥ ਦੇਣ ਲਈ ਸੰਘਰਸ਼ ਵਿਚ ਨਿੱਤਰੇ ਹਨ ਜਿਸ ਨਾਲ ਸਾਨੂੰ ਹੋਰ ਬੱਲ ਮਿਲਿਆ ਹੈ।