ਗੁਰਦਾਸਪੁਰ, 10 ਜੁਲਾਈ (ਅਸ਼ੋਕ ਸ਼ਰਮਾ)-ਦਿਹਾਤੀ ਖੇਤਰ ਦੇ ਥਾਣਾ ਪੁਰਾਣਾ ਸ਼ਾਲਾ ਵਿਖੇ ਲੜਾਈ ਝਗੜਿਆਂ ਦੇ ਛੋਟੇ ਪੱਧਰ ਦੇ ਮਾਮਲੇ ਹੱਲ ਨਾ ਹੋਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ ਤੇ ਲੋਕਾਂ ਨੂੰ ਥਾਣੇ ’ਚ ਵਾਰ ਵਾਰ ਚੱਕਰ ਮਾਰਨ ਦੇ ਬਦਲੇ ਨਿਰਾਸ਼ਾ ਹੀ ਹੱਥ ਲੱਗਦੀ ਹੈ। ਲੋਕਾਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸਬ ਤੋਂ ਸਸਤਾ ਨਿਆਂ ਪੁਲਿਸ ਪ੍ਰਸ਼ਾਸਨ ਦਾ ਹੈ। ਪਰ ਲੋਕਾਂ ਨੂੰ ਥਾਣਾ ਪੁਰਾਣਾ ਸ਼ਾਲਾ ਵਲੋਂ ਇਨਸਾਫ਼ ਨਾ ਮਿਲਣ ਕਾਰਨ ਉਹ ਪੁਲਿਸ ਵਿਭਾਗ ਤੋਂ ਵੀ ਖ਼ਫ਼ਾ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜ਼ਿਲ੍ਹਾ ਪੁਲਿਸ ਮੁਖੀ ਦੇ ਧਿਆਨ ਹਿਤ ਵੀ ਲਿਆਂਦਾ ਹੈ। ਪਰ ਥਾਣਾ ਮੁਖੀ ਨੂੰ ਹਦਾਇਤਾਂ ਕਰਨ ਦੇ ਬਾਵਜੂਦ ਵੀ ਥਾਣਾ ਮੁਖੀ ਇਸ ਪਾਸੇ ਗ਼ੌਰ ਨਹੀਂ ਕਰਦੇ, ਸਗੋਂ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਥਾਣਿਆਂ ਵਿਚ ਨਫ਼ਰੀ ਨਹੀਂ ਹੈ। ਜਿਸ ਕਾਰਨ ਮਾਮਲਿਆਂ ਨੂੰ ਹੱਲ ਕਰਨ ਵਿਚ ਦੇਰੀ ਹੋ ਰਹੀ ਹੈ। ਇਲਾਕੇ ਦੇ ਪੰਚਾਂ, ਸਰਪੰਚਾਂ ਨੇ ਦੱਸਿਆ ਕਿ ਛੋਟੇ ਪੱਧਰ ਦੇ ਮਾਮਲੇ ਪੁਲਿਸ ਕੋਲੋਂ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਉਹ ਵੀ ਲਾਰਿਆਂ ਵਿਚ ਸਮਾਂ ਬਰਬਾਦ ਕਰ ਦਿੰਦੇ ਹਨ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਥਾਣਾ ਪੁਰਾਣਾ ਸ਼ਾਲਾ ਸਮੇਤ ਹੋਰ ਦਿਹਾਤੀ ਥਾਣਿਆਂ ਦੇ ਮੁਖੀਆਂ ਨੂੰ ਹਦਾਇਤਾਂ ਕਰਕੇ ਛੋਟੇ ਮੋਟੇ ਲੜਾਈ ਤੇ ਘਰੇਲੂ ਝਗੜਿਆਂ ਨੂੰ ਹੱਲ ਕਰਨ ਲਈ ਥਾਣਾ ਮੁਖੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਲੋਕਾਂ ਦੇ ਮਸਲਿਆਂ ਦਾ ਜਲਦ ਹੱਲ ਹੋ ਸਕੇ।