ਭੈਣੀ ਮੀਆਂ ਖਾਂ, 10 ਜੁਲਾਈ (ਜਸਬੀਰ ਸਿੰਘ ਬਾਜਵਾ)- ਪਿੰਡ ਦਾਤਾਰਪੁਰ ਵਿਖੇ ਬੀਤੀ ਰਾਤ ਚੋਰਾਂ ਵਲੋਂ ਘਰ ਦੇ ਅੰਦਰ ਸੁੱਤੇ ਪਏ ਪਰਿਵਾਰ ਦੇ ਪਿਛਲੇ ਕਮਰੇ ਦੀ ਕੰਧ ਪਾੜ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਗਦੀ ਵੀ ਚੋਰੀ ਕਰ ਲਈ। ਜਾਣਕਾਰੀ ਦਿੰਦਿਆਂ ਪੀੜਤ ਗੁਰਦੀਪ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਦਤਾਰਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਪਿੰਡ ਤੋਂ ਬਾਹਰ ਖੇਤਾਂ ਵਿਚ ਸਥਿਤ ਹੈ। ਬੀਤੀ ਰਾਤ ਪਰਿਵਾਰ ਦੇ ਸਾਰੇ ਮੈਂਬਰ ਰੋਜ਼ਾਨਾ ਦੀ ਤਰ੍ਹਾਂ ਘਰ ਦੇ ਬਰਾਂਡੇ ਵਿੱਚ ਸੁੱਤੇ ਹੋਏ ਸਨ। ਇਸੇ ਦੌਰਾਨ ਦੇਰ ਰਾਤ ਚੋਰ ਖੇਤਾਂ ਵਾਲੇ ਪਾਸਿਓਂ ਚੋਰਾਂ ਨੇ ਬੜੀ ਚਲਾਕੀ ਨਾਲ ਘਰ ਦੇ ਪਿਛਲੇ ਕਮਰੇ ਦੀ ਪਿਛਲੀ ਕੰਧ ਨੂੰ ਪਾੜਿਆ ਤੇ ਅੰਦਰ ਦਾਖ਼ਲ ਹੋ ਗਏ। ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਪਰਿਵਾਰਕ ਮੈਂਬਰਾਂ ਦੀ ਅੱਖ ਖੁੱਲ੍ਹੀ ਤਾਂ ਪਿਛਲੇ ਕਮਰੇ ਦੀ ਕੰਧ ਟੁੱਟੀ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰਾਂ ਵੱਲੋਂ ਅਲਮਾਰੀ ਵਿੱਚ ਰੱਖਿਆ ਕਰੀਬ 13 ਤੋਲੇ ਸੋਨਾ ਤੇ 18,000 ਰੁਪਏ ਦੀ ਨਗਦੀ ਚੋਰੀ ਕਰ ਲਈ ਗਈ ਸੀ। ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੇਟ ਖੇਤਰ ਵਿੱਚ ਵੱਧ ਰਹੇ ਨਸ਼ੇ ਦੇ ਕਾਰਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਮੌਕਾ ਦੇਖਿਆ ਹੈ ਪਰਿਵਾਰਕ ਮੈਂਬਰਾਂ ਵਲੋਂ ਜੋ ਬਿਆਨ ਲਿਖਾਏ ਜਾਣਗੇ, ਉਸਦੇ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।