ਅੰਮ੍ਰਿਤਸਰ, 15 ਜੂਨ (ਰੇਸ਼ਮ ਸਿੰਘ)-ਕੁਝ ਸਮੇਂ ਪਹਿਲਾਂ ਥਾਣਿਆਂ ਮੂਹਰੇ ਹੁੰਦੇ ਗ੍ਰਨੇਡ ਹਮਲਿਆਂ ਦੀਆਂ ਘਟਨਾਵਾਂ ਭਾਵੇਂ ਪੂਰੀ ਤਰ੍ਹਾਂ ਰੁਕ ਗਈਆਂ ਹਨ ਪਰ ਅੱਜ ਇਸ ਦੀ ਮੁੜ ਚਰਚਾ ਫੈਲ ਗਈ ਜਦੋਂ ਕਿ ਸ਼ੋਸਲ ਮੀਡੀਆ ‘ਤੇ ਜ਼ਿੰਮੇਵਾਰੀ ਵਾਲੀ ਪੋਸਟ ਚਰਚਾ ‘ਚ ਆ ਗਈ ਕਿ ਥਾਣੇ ਮੂਹਰੇ ਗ੍ਰਨੇਡ ਹਮਲਾ ਹੋਇਆ ਹੈ। ਦੂਜੇ ਪਾਸੇ ਇਸ ਤੋਂ ਪਹਿਲਾਂ ਚਰਚਾ ਸੀ ਕਿ ਗੁਰੂ ਨਾਨਕ ਦੇਵ ਹਸਪਤਾਲ ਦਾ ਕੋਈ ਕੰਪਰੈਸ਼ਰ ਫਟਿਆ ਹੈ ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ ਹੈ। ਇਹ ਘਟਨਾ ਬੀਤੇ ਦਿਨਾਂ ਦੀ ਹੈ ਜਦੋਂ ਕਿ ਅਜ ਸ਼ੋਸ਼ਲ ਮੀਡੀਆ ‘ਤੇ ਕਿਸੇ ਵਲੋਂ ਇਕ ਤਸਵੀਰ ਪਾ ਕੇ ਵਾਇਰਲ ਕੀਤੀ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਥਾਣੇ ‘ਤੇ ਗ੍ਰਨੇਡ ਹਮਲਾ ਹੋਇਆ ਹੈ। ਇਸ ਸੰਬੰਧੀ ਥਾਣਾ ਮਜੀਠਾ ਰੋਡ ਦੇ ਮੁਖੀ ਇੰਸ: ਰਾਕੇਸ਼ ਕੁਮਾਰ ਨੇ ਗ੍ਰਨੇਡ ਹਮਲੇ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਇਹ ਕੇਵਲ ਗੱਡੀ ਦਾ ਟਾਇਰ ਫਟਣ ਨਾਲ ਹੀ ਧਮਾਕਾ ਹੋਇਆ ਸੀ ਜਿਸ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਕੋਈ ਵੀ ਗ੍ਰਨੇਡ ਹਮਲੇ ਵਰਗੀ ਘਟਨਾ ਨਹੀਂ ਹੈ।
ਕੀ ਮੁੜ ਹੋਇਆ ਥਾਣੇ ਮੂਹਰੇ ਗ੍ਰਨੇਡ ਹਮਲਾ, ਪੁਲਿਸ ਨੇ ਕਿਹਾ ਗੱਡੀ ਦਾ ਟਾਇਰ ਫਟਿਆ
ਅਜੀਤ ਡੈਸਕ
16-06-2026