ਲੁਧਿਆਣਾ, 8 ਜੁਲਾਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਤੋਂ 2023 ਵਿਚ ਬੀ ਐੱਸ ਸੀ ਐਗਰੀਕਲਚਰ (ਆਨਰਜ਼) ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀ ਲਵਕਰਨ ਸਿੰਘ ਨੇ ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ ਪਾਸ ਕਰ ਲਈ ਹੈ| ਇਸ ਤਰ੍ਹਾਂ ਉਹ ਭਾਰਤੀ ਫੌਜ ਵਿਚ ਉੱਚ ਅਧਿਕਾਰੀ ਵਜੋਂ ਨਿਯੁਕਤੀ ਦਾ ਹੱਕਦਾਰ ਬਣਿਆ ਹੈ| ਉਸ ਨੇ ਇੰਡੀਅਨ ਮਿਲਟਰੀ ਅਕਾਦਮੀ ਦੇਹਰਾਦੂਨ ਵਿਖੇ ਆਪਣੀ ਮੁੱਢਲੀ ਸਿਖਲਾਈ ਸਫਲਤਾ ਨਾਲ ਸੰਪੰਨ ਕੀਤੀ| ਬੀਤੇ ਦਿਨੀ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਲਵਕਰਨ ਸਿੰਘ ਨੂੰ ਭਾਰਤੀ ਫੌਜ ਵਿਚ ਉੱਚ ਅਧਿਕਾਰੀ ਵਜੋਂ ਨਿਯੁਕਤੀ ਦੇ ਅਧਿਕਾਰ ਪੱਤਰ ਦਿੱਤੇ| ਉਸ ਦੀ ਨਿਯੁਕਤੀ ਲੈਂਫਟੀਨੈਂਟ ਵਜੋਂ ਗੋਰਖਾ ਰਾਈਫਲਜ਼ ਰੈਜੀਮੈਂਟ ਵਿਚ ਹੋਈ| ਜ਼ਿਕਰਯੋਗ ਹੈ ਕਿ ਲਵਕਰਨ ਸਿੰਘ ਪੀ.ਏ.ਯੂ. ਦਾ ਵਿਦਿਆਰਥੀ ਹੀ ਨਹੀਂ ਬਲਕਿ ਉਸ ਦੇ ਪਿਤਾ ਸੋਹਨ ਸਿੰਘ ਪੀ.ਏ.ਯੂ. ਦੇ ਮੁਲਾਜ਼ਮ ਵੀ ਹਨ| ਉਹ ਨਿਰਦੇਸ਼ਕ ਪਸਾਰ ਸਿੱਖਿਆ ਦੇ ਨਿੱਜੀ ਸਹਾਇਕ ਦੇ ਤੌਰ ਤੇ ਕਾਰਜਸ਼ੀਲ ਹਨ| ਇਸ ਵਿਦਿਆਰਥੀ ਨੇ ਆਪਣੀ ਮੁੱਢਲੀ ਪੜ੍ਹਾਈ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਤੋਂ ਹਾਸਲ ਕੀਤੀ ਅਤੇ ਪੀ.ਏ.ਯੂ. ਵਿਖੇ ਬੀ ਐੱਸ ਸੀ ਕਰਦਿਆਂ ਉੱਘੇ ਫਸਲ ਵਿਗਿਆਨੀ ਡਾ. ਸਿਮਰਜੀਤ ਕੌਰ ਦੀ ਨਿਗਰਾਨੀ ਹੇਠ ਬੀ ਐੱਸ ਸੀ ਦੀ ਲੋੜੀਂਦੀ ਖੋਜ ਵੀ ਸੰਪੰਨ ਕੀਤੀ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਇਸ ਪ੍ਰਾਪਤੀ ਲਈ ਲਵਕਰਨ ਸਿੰਘ ਨੂੰ ਵਧਾਈ ਦਿੰਦਿਆਂ ਉਸ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ|