ਚੰਡੀਗੜ੍ਹ, 31 ਦਸੰਬਰ (ਸੁਖਵਿੰਦਰ ਸਿੰਘ ਸ਼ਾਨ)- ਸਾਲ 2025 ਦਾ ਅੱਜ ਆਖ਼ਰੀ ਦਿਨ ਪੰਜਾਬ ਅਤੇ ਚੰਡੀਗੜ੍ਹ ਵਿਚ ਸੰਘਣੀ ਧੁੰਦ ਅਤੇ ਤੇਜ਼ ਸੀਤ ਲਹਿਰ ਕਾਰਨ ਤਿੱਖੀ ਠੰਢ ਦੀ ਮਾਰ ਵਿਚ ਰਿਹਾ | ਠੰਢ ਦੇ ਕਾਰਨ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਘੱਟ ਰਹੀ ਅਤੇ ਸਰਦੀ ਤੋਂ ਬਚਣ ਲਈ ਲੋਕ ਅੱਗ ਬਾਲਕੇ ਸੇਕਦੇ ਰਹੇ | ਆਸਮਾਨ 'ਤੇ ਛਾਈ ਧੁੰਦ ਕਾਰਨ ਦਿਨ ਦੇ ਤਾਪਮਾਨ ਵਿਚ ਵੀ ਕਮੀ ਦਰਜ ਕੀਤੀ ਗਈ | ਮੌਸਮ ਵਿਭਾਗ ਨੇ ਅਨੁਮਾਨ ਪ੍ਰਗਟ ਕੀਤਾ ਹੈ ਕਿ ਨਵੇਂ ਵਰ੍ਹੇ ਦਾ ਪਹਿਲਾ ਦਿਨ ਵੀ ਸੰਘਣੀ ਧੁੰਦ ਤੇ ਸੀਤ ਲਹਿਰ ਦੇ ਪ੍ਰਭਾਵ ਵਿਚ ਰਹੇਗਾ, ਜਦੋਂ ਕਿ ਪੰਜਾਬ 'ਚ ਵੱਖ-ਵੱਖ ਜ਼ਿਲਿ੍ਹਆਂ ਅੰਮਿ੍ਤਸਰ, ਜਲੰਧਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਮੋਗਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ, ਬਠਿੰਡਾ ਅਤੇ ਫ਼ਾਜ਼ਿਲਕਾ ਵਿਚ ਤੇਜ਼ ਹਵਾਵਾਂ ਚੱਲਣ ਤੇ ਗਰਜ ਨਾਲ ਹਲਕੀ ਬਾਰਸ਼ ਵੀ ਹੋ ਸਕਦੀ ਹੈ | ਜਦੋਂ ਕਿ ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਲੁਧਿਆਣਾ, ਮੋਹਾਲੀ ਤੇ ਫ਼ਤਿਹਗੜ੍ਹ ਸਾਹਿਬ ਜ਼ਿਲਿ੍ਹਆਂ ਸਮੇਤ ਰੋਪੜ ਦੇ ਕੁੱਝ ਇਲਾਕਿਆਂ ਵਿਚ ਸੰਘਣੀ ਧੁੰਦ ਰਹਿਣ ਦਾ ਅਨੁਮਾਨ ਪ੍ਰਗਟ ਕੀਤਾ ਗਿਆ ਹੈ |