ਕੁਰਾਲੀ, 25 ਜਨਵਰੀ (ਹਰਪ੍ਰੀਤ ਸਿੰਘ)-ਸਥਾਨਕ ਪੰਜਾਬੀ ਲਿਖਾਰੀ ਸਭਾ ਦੀ ਇਕ ਇਕੱਤਰਤਾ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਨੂੰ ਸਮਰਪਿਤ ਇਸ ਸਭਾ ਦੌਰਾਨ ਸਾਹਿਤਕਾਰਾਂ ਨੇ ਵੋਟਰ ਦਿਵਸ ਨੂੰ ਮੁੱਖ ਰੱਖਦਿਆਂ ਲੋਕਤੰਤਰੀ ਕੀਮਤਾਂ 'ਚ ਵਿਸ਼ਵਾਸ ਰੱਖਣ ਦੀ ਸਹੁੰ ਚੁੱਕੀ | ਇਸੇ ਦੌਰਾਨ ਬੀਬੀ ਅਮਰਜੀਤ ਕੌਰ ਮੋਰਿੰਡਾ ਨੂੰ ਸਭਾ ਦਾ ਮੀਤ ਪ੍ਰਧਾਨ ਤੇ ਮਹਾਂਵੀਰ ਸਿੰਘ ਮਾਜਰੀ ਨੂੰ ਸਰਬ ਸੰਮਤੀ ਨਾਲ ਸਭਾ ਦਾ ਸਕੱਤਰ ਚੁਣਿਆ ਗਿਆ ਤੇ ਪੁਰਾਣੇ ਅਹੁਦੇਦਾਰਾਂ ਨੂੰ ਬਰਕਰਾਰ ਰੱਖਦਿਆਂ ਪ੍ਰਧਾਨ ਹਰਦੀਪ ਸਿੰਘ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਚੱਲੇ ਸਾਹਿਤਿਕ ਦੌਰ ਦੌਰਾਨ ਮੋਹਨ ਸਿੰਘ ਪਪਰਾਲਾ ਨੇ ਲੋਕ ਤੱਤ ਪੇਸ਼ ਕੀਤੇ | ਮਹਾਂਵੀਰ ਸਿੰਘ ਨੇ ਤਿਰੰਗਾ ਸਾਡਾ ਕਵਿਤਾ ਪੜ੍ਹੀ | ਜਸਵਿੰਦਰ ਸਿੰਘ ਨੇ ਆਦਰਸ਼ ਲੋਕਤੰਤਰ ਬਾਰੇ ਕਵਿਤਾ ਪੇਸ਼ ਕੀਤੀ | ਇਸੇ ਤਰ੍ਹਾਂ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਦੇ ਸੁਝਾਅ ਦਿੱਤੇ ਤੇ ਫੁੱਲਾ ਮਹਿਕ ਨੂੰ ਸੰਭਾਲ ਗੀਤ ਗਾਇਆ | ਐਸ. ਡੀ. ਓ. ਗੁਰਨਾਮ ਸਿੰਘ ਬਿਜਲੀ ਨੇ ਅਜ਼ਾਦੀ ਕਵਿਤਾ ਪੇਸ਼ ਕੀਤੀ | ਮੈਡਮ ਅਮਰਜੀਤ ਕੌਰ ਨੇ ਦੇਸ਼ ਦੀ ਵੰਡ ਦੇ ਦੁਖਾਂਤ ਨੂੰ ਕਵਿਤਾ ਦਾ ਵਿਸ਼ਾ ਬਣਾਇਆ | ਕੁਲਵਿੰਦਰ ਸਿੰਘ ਖੈਰਾਬਾਦੀ ਨੇ ਵਿਛੜਿਆ ਕਵੀ ਕਵਿਤਾ ਪੇਸ਼ ਕੀਤੀ | ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਨਾਮਧਾਰੀ ਬਾਬਾ ਰਾਮ ਸਿੰਘ ਜੀ ਵਲੋਂ ਅਜ਼ਾਦੀ, ਸਮਾਜ ਸੁਧਾਰ ਅਤੇ ਇਸਤਰੀ ਦੇ ਉਥਾਨ ਲਈ ਪਾਏ ਯੋਗਦਾਨ ਬਾਰੇ ਦੱਸਿਆ | ਹਰਦੀਪ ਸਿੰਘ ਗਿੱਲ ਨੇ ਗਣਤੰਤਰ ਦਿਵਸ ਦੇ ਮਹੱਤਵ ਅਤੇ ਨਾਰੀ ਦੇ ਸਨਮਾਨ ਬਾਰੇ ਸਮਾਜ ਨੂੰ ਜਾਗਰੂਕ ਕੀਤਾ | ਇਸ ਮੌਕੇ ਸਭਾ ਨੇ ਚਾਇਨਾ ਡੋਰ ਦੇ ਸ਼ਿਕਾਰ ਬਣੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਸਰਕਾਰ ਅਤੇ ਸਮਾਜ ਦੋਵਾਂ ਨੂੰ ਸਮੱਸਿਆ ਪ੍ਰਤੀ ਗੰਭੀਰ ਹੋਣ ਦੀ ਅਪੀਲ ਕੀਤੀ | ਇਸ ਦੌਰਾਨ ਮੰਚ ਦਾ ਸੰਚਾਲਨ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਕੀਤਾ |