ਚੰਡੀਗੜ੍ਹ, 25 ਜਨਵਰੀ (ਸੰਦੀਪ ਕੁਮਾਰ ਮਾਹਨਾ)ਕੇਂਦਰ ਸਰਕਾਰ ਵਲੋਂ ਰਵਿਦਾਸੀਆ ਸਮਾਜ ਦੇ ਪ੍ਰਮੁੱਖ ਧਾਰਮਿਕ ਆਗੂ ਅਤੇ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦੇ ਫ਼ੈਸਲੇ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਾਹਨਾ ਕਰਦਿਆਂ ਇਸ ਨੂੰ ਸਮਾਜ ਲਈ ਮਾਣ ਅਤੇ ਗੌਰਵ ਦੀ ਗੱਲ ਦੱਸਿਆ ਹੈ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਨੇ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਦੇ ਉਪਦੇਸ਼ਾਂ ਤੇ ਸੰਦੇਸ਼ ਨੂੰ ਦੇਸ਼ ਤੇ ਵਿਦੇਸ਼ 'ਚ ਫ਼ੈਲਾਉਣ ਲਈ ਅਹਿਮ ਯੋਗਦਾਨ ਪਾਇਆ ਹੈ | ਉਨ੍ਹਾਂ ਨੇ ਆਪਣੀ ਜ਼ਿੰਦਗੀ ਸਮਾਜਿਕ ਸਾਂਝ, ਸੇਵਾ ਭਾਵਨਾ, ਸਮਾਨਤਾ ਅਤੇ ਮਨੁੱਖਤਾ ਦੇ ਮੂਲ ਸਿਧਾਂਤਾਂ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਕੀਤੀ ਹੈ | ਉਨ੍ਹਾਂ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ ਕੇਵਲ ਰਵਿਦਾਸੀਆ ਸਮਾਜ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ |