ਡੇਰਾਬੱਸੀ, 9 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਸ੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ 'ਚ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ | ਯਾਤਰਾ 'ਤੇ ਜਾਣ ਦੇ ਚਾਹਵਾਨ ਡੇਰਾਬੱਸੀ ਹਲਕੇ ਦੇ ਸ਼ਰਧਾਲੂਆਂ 'ਚ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਕ ਪਾਸੇ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਮੁਫ਼ਤ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਰਜਿਸਟ੍ਰੇਸ਼ਨ ਤੋਂ ਪਹਿਲਾਂ ਬਣਨ ਵਾਲੇ ਲਾਜ਼ਮੀ ਮੈਡੀਕਲ ਸਰਟੀਫ਼ਿਕੇਟ ਲਈ ਸ਼ਰਧਾਲੂਆਂ ਤੋਂ ਪਹਿਲੀ ਵਾਰ 200 ਰੁ. ਫ਼ੀਸ ਵਸੂਲੀ ਜਾ ਰਹੀ ਹੈ | ਪਿਛਲੇ ਕਈ ਸਾਲਾਂ ਤੋਂ ਇਹ ਮੈਡੀਕਲ ਮੁਫ਼ਤ ਹੁੰਦਾ ਆਇਆ ਹੈ, ਪਰ ਇਸ ਵਾਰ ਪੰਜਾਬ ਹੈਲਥ ਸਿਸਟਮ ਰਾਹੀਂ ਹਸਪਤਾਲ 'ਚ ਫ਼ੀਸ ਦੀ ਪਰਚੀ ਕੱਟ ਕੇ ਸ਼ਰਧਾਲੂਆਂ 'ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਫ਼ੀਸ ਭਰਨ ਅਤੇ ਘੰਟਿਆਂਬੱਧੀ ਇੰਤਜ਼ਾਰ ਕਰਨ ਦੇ ਬਾਵਜੂਦ ਕਿਸੇ ਵੀ ਸ਼ਰਧਾਲੂ ਨੂੰ ਮੈਡੀਕਲ ਸਰਟੀਫ਼ਿਕੇਟ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਲੋਕਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪਿਆ | ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ | ਸਿਵਲ ਸਰਜਨ ਮੁਹਾਲੀ ਨੇ ਵੀ ਇਸ ਫ਼ੀਸ ਸੰਬੰਧੀ ਕਿਸੇ ਨਵੇਂ ਨੋਟੀਫ਼ਿਕੇਸ਼ਨ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ | ਸ਼ਰਧਾਲੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਇਸ ਮਾਮਲੇ 'ਚ ਦਖ਼ਲ ਦੇ ਕੇ ਫ਼ੀਸ ਬੰਦ ਕਰਵਾਏ ਅਤੇ ਖੱਜਲ-ਖੁਆਰੀ ਖ਼ਤਮ ਕਰੇ |