ਚੰਡੀਗੜ੍ਹ, 9 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ ਨਗਰ ਨਿਗਮ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਦੇ ਦਾਅਵਿਆਂ ਦੇ ਵਿਚਕਾਰ ਸੈਕਟਰ 45 ਦੀ ਹਕੀਕਤ ਕੱੁਝ ਹੋਰ ਹੀ ਕਹਾਣੀ ਬਿਆਨ ਕਰ ਰਹੀ ਹੈ | ਵਾਰਡ ਨੰਬਰ 34 ਅਧੀਨ ਆਉਂਦੇ ਸੈਕਟਰ 45 ਵਿਖੇ ਬੁੜੈਲ ਪਿੰਡ ਤੋਂ ਆ ਰਿਹਾ ਕੂੜਾ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ | ਸੜਕ ਦੇ ਕਿਨਾਰੇ ਲੱਗੇ ਕੂੜੇ ਦੇ ਢੇਰ, ਫ਼ੈਲਦੀ ਬਦਬੂ ਅਤੇ ਗੰਦਗੀ ਕਾਰਨ ਇਲਾਕੇ 'ਚ ਰਹਿਣ ਵਾਲੇ ਅਤੇ ਰਾਹਗੀਰ ਦੋਵੇਂ ਹੀ ਪਰੇਸ਼ਾਨ ਹਨ | ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਨਿਗਮ ਹਾਊਸ ਦੀ ਮੀਟਿੰਗ ਦੌਰਾਨ ਕਈ ਵਾਰ ਮੁੱਦਾ ਚੁੱਕਿਆ ਗਿਆ ਤੇ ਨਿਗਮ ਅਧਿਕਾਰੀਆਂ ਵਲੋਂ ਇਸ ਐਸ.ਐਸ.ਕੇ ਨੂੰ ਬੰਦ ਕੀਤੇ ਜਾਣ ਦਾ ਭਰੋਸਾ ਵੀ ਦਿੱਤਾ ਗਿਆ, ਪਰ ਇਸ ਮਾਮਲੇ ਦਾ ਅਜੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਨਿਕਲ ਸਕਿਆ | ਇਸ ਮਸਲੇ ਨੂੰ ਲੈ ਕੇ ਹੁਣ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਨਗਰ ਨਿਗਮ ਪ੍ਰਸ਼ਾਸਨ 'ਤੇ ਤਿੱਖਾ ਹਮਲਾ ਬੋਲਿਆ ਹੈ | ਬੁੱਧਵਾਰ ਨੂੰ ਹੋਈ ਨਿਗਮ ਹਾਊਸ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਚਾਰ ਮਹੀਨਿਆਂ ਤੋਂ ਲਗਾਤਾਰ ਇਸ ਸਮੱਸਿਆ ਨੂੰ ਉਠਾਇਆ ਜਾ ਰਿਹਾ ਹੈ, ਪਰ ਅਜੇ ਤੱਕ ਨਿਗਮ ਅਧਿਕਾਰੀਆਂ ਵਲੋਂ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸੈਕਟਰ 45 'ਚ ਬਣਿਆ ਸਹਿਜ਼ ਸਫ਼ਾਈ ਕੇਂਦਰ (ਐਸ.ਐਸ.ਕੇ.) 'ਚ ਬੁੜੈਲ ਨਾਲ ਅਤੇ ਨਾਲ ਲੱਗਦੇ ਇਲਾਕਿਆਂ ਦਾ ਸੁੱਟਿਆ ਜਾ ਰਿਹਾ ਕੂੜਾ ਹਾਲਾਤਾਂ ਨੂੰ ਹੋਰ ਵੀ ਗੰਭੀਰ ਬਣਾ ਰਿਹਾ ਹੈ | ਪ੍ਰਸ਼ਾਸਨ ਵਲੋਂ ਸ਼ਹਿਰ ਦੇ ਸਾਰੇ ਐਸ.ਐਸ.ਕੇ ਹਟਾਉਣ ਦੇ ਫ਼ੈਸਲੇ ਦੇ ਬਾਵਜੂਦ ਵੀ ਸੈਕਟਰ 45 ਦਾ ਐਸ.ਐਸ.ਕੇ. ਅਜੇ ਤੱਕ ਬੰਦ ਨਹੀਂ ਕੀਤਾ ਗਿਆ | ਕੌਂਸਲਰ ਗਾਬੀ ਨੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਤੇ ਮੈਡੀਕਲ ਆਫ਼ਿਸਰ ਹੈਲਥ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਅਧਿਕਾਰੀ ਕੂੜਾ ਚੁੱਕਣ ਵਾਲਿਆਂ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ | ਉਨ੍ਹਾਂ ਇਸ ਨੂੰ ਭਿ੍ਸ਼ਟਾਚਾਰ ਦਾ ਨਿੱਚਲਾ ਪੱਧਰ ਕਰਾਰ ਦਿੰਦਿਆਂ ਕਿਹਾ ਕਿ ਬੁੜੈਲ ਤੋਂ ਕੂੜਾ ਚੁੱਕਣ ਵਾਲੇ ਲੋਕ ਲਗਾਤਾਰ ਸੈਕਟਰ 45 ਦੇ ਐਸ.ਐਸ.ਕੇ. ਅਤੇ ਹੋਰ ਜਨਤਕ ਥਾਵਾਂ 'ਤੇ ਕੂੜਾ ਸੁੱਟ ਰਹੇ ਹਨ, ਜਿਸ ਨਾਲ ਇਲਾਕੇ ਵਿਚ ਗੰਦਗੀ ਫ਼ੈਲ ਰਹੀ ਹੈ | ਉਨ੍ਹਾਂ ਕਿਹਾ ਕਿ ਕਈ ਵਾਰ ਇਹ ਮਸਲਾ ਨਿਗਮ ਮੀਟਿੰਗਾਂ 'ਚ ਚੁੱਕਿਆ ਗਿਆ ਅਤੇ ਸੰਬੰਧਿਤ ਅਧਿਕਾਰੀਆਂ ਨਾਲ ਮੁਲਾਕਾਤਾਂ ਵੀ ਕੀਤੀਆਂ ਗਈਆਂ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ | ਕੌਂਸਲਰ ਗਾਬੀ ਨੇ ਦੱਸਿਆ ਕਿ ਸੜਕਾਂ ਦੇ ਕਿਨਾਰੇ ਕੂੜਾ ਸੁੱਟਣ ਕਾਰਨ ਕਈ ਵਾਰ ਰਸਤਾ ਲਗਭਗ ਬੰਦ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਨਿਗਮ ਦੇ ਸੰਯੁਕਤ ਕਮਿਸ਼ਨਰ ਅਤੇ ਮੈਡੀਕਲ ਆਫ਼ਿਸਰ ਹੈਲਥ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਬੁੜੈਲ ਇਲਾਕੇ ਵਿਚ ਟਰਾਲੀਆਂ, ਟਿੱਪਰ ਟਰੱਕ ਅਤੇ ਵੱਡੇ ਕੂੜੇਦਾਨ ਲਗਾਏ ਜਾਣਗੇ, ਤਾਂ ਜੋ ਕੂੜਾ ਓਥੇ ਹੀ ਇਕੱਠਾ ਕਰਕੇ ਸਿੱਧਾ ਡੰਪਿੰਗ ਗ੍ਰਾਊਾਡ ਭੇਜਿਆ ਜਾ ਸਕੇ | ਪਰ ਇਸ ਸਬੰਧੀ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ | ਇਸ ਮਾਮਲੇ 'ਤੇ ਮੇਅਰ ਸੌਰਭ ਜੋਸ਼ੀ ਨੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੂੰ ਭਰੋਸਾ ਦਿਵਾਇਆ ਕਿ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ |