ਚੰਡੀਗੜ੍ਹ, 19 ਅਪ੍ਰੈਲ (ਮਾਰਕੰਡਾ)-ਸਿੱਖ ਵਿੱਦਿਅਕ ਸੁਸਾਇਟੀ ਨੇ ਮਹਾਨ ਪੰਥਕ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ 'ਚ ਇਕ ਯਾਦਗਾਰੀ ਪੁਰਸਕਾਰ ਸਮਾਗਮ ਗੁਰਦੇਵ ਸਿੰਘ ਪ੍ਰਧਾਨ ਐਸ. ਈ. ਐਸ., ਡਾ. ਬੀਰੇਂਦਰ ਕੌਰ ਉਪ ਪ੍ਰਧਾਨ ਐਸ. ਈ. ਐਸ., ਕਰਨਲ (ਸੇਵਾਮੁਕਤ) ਜੇ. ਐਸ. ਬਾਲਾ ਸੈਕਟਰੀ ਐਸ. ਈ. ਐਸ. ਤੇ ਕਰਨਦੀਪ ਸਿੰਘ ਚੀਮਾ ਸੰਯੁਕਤ ਸਕੱਤਰ ਐਸ. ਈ. ਐਸ. ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਕਾਲਜ ਲੜਕੀਆਂ ਸੈਕਟਰ-26 ਚੰਡੀਗੜ੍ਹ ਵਿਖੇ ਕਰਵਾਇਆ | ਇਸ ਮੌਕੇ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਹਰਚਰਨਜੀਤ ਸਿੰਘ ਪਨਾਗ ਮੁੱਖ ਮਹਿਮਾਨ ਵਜੋਂ ਤੇ ਪ੍ਰੋ. ਬਲਕਾਰ ਸਿੰਘ ਸਾਬਕਾ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ ਦੇ ਦੋ ਪ੍ਰਾਪਤਕਰਤਾਵਾਂ ਡਾ. ਗੁਰਦੇਵ ਸਿੰਘ ਸਿੱਧੂ ਸਾਬਕਾ ਉਪ-ਪ੍ਰਧਾਨ ਪੀ. ਐਸ. ਈ. ਬੀ. ਤੇ ਪ੍ਰੋ. ਬੇਅੰਤ ਸਿੰਘ ਆਹਲੂਵਾਲੀਆ ਸਾਬਕਾ ਐਚ. ਓ. ਡੀ. ਪੀ. ਜੀ. ਵਿਭਾਗ ਜੀ. ਸੀ. ਐਮ.-11 ਚੰਡੀਗੜ੍ਹ ਨੂੰ ਸਨਮਾਨਿਤ ਕੀਤਾ | ਦੋਵੇਂ ਪ੍ਰਾਪਤਕਰਤਾ ਸਿੱਖ ਇਤਿਹਾਸ ਤੇ ਧਰਮ ਦੇ ਪ੍ਰਸਿੱਧ ਵਿਦਵਾਨ ਹਨ | ਇਸ ਮੌਕੇ ਐਸ. ਈ. ਐਸ. ਨੇ ਐਸ. ਈ. ਐਸ. ਦੇ ਪ੍ਰਧਾਨ ਐਸ. ਗੁਰਦੇਵ ਸਿੰਘ ਦੀ ਅਗਵਾਈ ਤੇ ਕਰਨਲ (ਸੇਵਾਮੁਕਤ) ਐਸ. ਜਸਮੇਰ ਸਿੰਘ ਬਾਲਾ, ਸਕੱਤਰ ਐਸ. ਈ. ਐਸ. ਦੀ ਸੰਪਾਦਨਾ ਹੇਠ ਸੰਕਲਿਤ ਇਕ ਸੋਵੀਨਰ ਵੀ ਜਾਰੀ ਕੀਤਾ | ਸਮਾਗਮ ਦੀ ਸ਼ੁਰੂਆਤ ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ ਦੇ ਭਾਸ਼ਣ ਨਾਲ ਹੋਈ | ਗੁਰਦਰਸ਼ਨ ਸਿੰਘ ਬਾਹੀਆ ਨੇ ਆਪਣਾ ਉਦੇਸ਼ ਪੇਪਰ ਪੇਸ਼ ਕੀਤਾ, ਜਿਸ 'ਚ ਉਨ੍ਹਾਂ ਨੇ ਜਥੇਦਾਰ ਟੌਹੜਾ ਵਲੋਂ ਪੰਜਾਬ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜੀਵਨ ਦੇ ਪੁਨਰਜਨਮ 'ਚ ਪਾਏ ਗਏ ਅਨਮੋਲ ਯੋਗਦਾਨ ਬਾਰੇ ਗੱਲ ਕੀਤੀ | ਡਾ. ਗੁਰਦੇਵ ਸਿੰਘ ਸਿੱਧੂ ਨੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੀ ਸ਼ਲਾਘਾ ਕੀਤੀ | ਪ੍ਰੋ. ਬੇਅੰਤ ਸਿੰਘ ਆਹਲੂਵਾਲੀਆ ਨੇ ਆਪਣੇ ਸੰਬੋਧਨ 'ਚ ਸਮਾਜ ਦੇ ਸਿੱਖਿਆ ਪ੍ਰਤੀ ਯੋਗਦਾਨ ਦੀ ਸ਼ਲਾਘਾ ਕੀਤੀ | ਮੁੱਖ ਮਹਿਮਾਨ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਹਰਚਰਨਜੀਤ ਸਿੰਘ ਪਨਾਗ ਨੇ ਗੁਰਚਰਨ ਸਿੰਘ ਟੌਹੜਾ ਮਹਾਨ ਪੁਰਸ਼ ਨਾਲ ਆਪਣੀ ਮੁਲਾਕਾਤ ਦਾ ਜ਼ਿਕਰ ਕੀਤਾ | ਬਲਕਾਰ ਸਿੰਘ ਨੇ ਅੱਜ ਦੇ ਨੌਜਵਾਨਾਂ ਨੂੰ ਜਥੇਦਾਰ ਟੌਹੜਾ ਦੀ ਵਿਚਾਰਧਾਰਾ ਤੇ ਸਿੱਖਿਆਵਾਂ ਨਾਲ ਜੋੜਨ ਲਈ ਹੋਰ ਯਤਨ ਕਰਨ ਦੀ ਲੋੜ ਬਾਰੇ ਗੱਲ ਕੀਤੀ | ਗੁਰਦੇਵ ਸਿੰਘ ਪ੍ਰਧਾਨ ਨੇ ਐਸ. ਈ. ਐਸ. ਦੀ ਸਥਾਪਨਾ ਤੇ ਸੁਸਾਇਟੀ ਦੇ ਪੰਜਵੇਂ ਪ੍ਰਧਾਨ ਵਜੋਂ ਜਥੇਦਾਰ ਟੌਹੜਾ ਦੇ ਯੋਗਦਾਨ ਬਾਰੇ ਗੱਲ ਕੀਤੀ | ਧੰਨਵਾਦ ਦਾ ਮਤਾ ਐਸ. ਈ. ਐਸ. ਦੇ ਉਪ ਪ੍ਰਧਾਨ ਡਾ. ਬੀਰੇਂਦਰ ਕੌਰ ਦੁਆਰਾ ਦਿੱਤਾ |