ਵਿਆਹ ਵਾਲੇ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰਕੇ ਲੁੱਟ ਦੀ ਘਟਨਾ ਨੂੰ ਦਿੱਤਾ ਅੰਜਾਮ
ਅਜੀਤ ਡੈਸਕ
26-04-2026
ਐੱਸ. ਏ. ਐੱਸ. ਨਗਰ, 25 ਅਪ੍ਰੈਲ (ਕਪਿਲ ਵਧਵਾ)-ਮੁਹਾਲੀ ਦੇ ਪਿੰਡ ਜਗਤਪੁਰਾ ਵਿਖੇ ਵਿਆਹ ਵਾਲੇ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰਕੇ ਲੁੱਟ-ਖਸੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਅੰਸ਼ੂ ਵਾਸੀ ਨਜ਼ਦੀਕ ਪਾਲ ਡੇਅਰੀ ਪਿੰਡ ਜਗਤਪੁਰਾ, ਜੋ ਕਿ ਚੰਡੀਗੜ੍ਹ ਦੇ ਸੈਕਟਰ-46 ਵਿਖੇ ਜ਼ੋਮੈਟੋ ਰਾਈਡਰ ਵਜੋਂ ਕੰਮ ਕਰਦਾ ਹੈ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ 21 ਅਪ੍ਰੈਲ ਨੂੰ ਰੇਲਵੇ ਬਰਿੱਜ ਨੇੜੇ ਦਿਨ ਦਿਹਾੜੇ ਚਾਰ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ | ਸ਼ਿਕਾਇਤਕਰਤਾ ਅਨੁਸਾਰ ਇਸ ਦੌਰਾਨ ਰਤਨ ਅਤੇ ਉਸ ਦੇ ਸਾਥੀ ਨੇ ਉਸ ਦੀਆਂ ਬਾਂਹਾਂ ਫੜ੍ਹ ਲਈਆਂ, ਜਦਕਿ ਧਰਮਿੰਦਰ ਨੇ ਉਸ ਦੀ ਜੇਬ ਵਿਚੋਂ 10 ਹਜ਼ਾਰ ਰੁ. ਦੀ ਰਾਸ਼ੀ ਕੱਢ ਲਈ | ਇਸੇ ਦੌਰਾਨ ਲੱਲਾ ਨੇ ਉਸ ਦੇ ਗਲੇ 'ਚੋਂ ਕਰੀਬ ਢਾਈ ਤੋਲੇ ਦੀ ਸੋਨੇ ਦੀ ਚੇਨ ਝਪਟ ਲਈ | ਅੰਸ਼ੂ ਨੇ ਦੋਸ਼ ਲਗਾਇਆ ਕਿ ਲੁੱਟ ਤੋਂ ਬਾਅਦ ਧਰਮਿੰਦਰ ਦੇ ਕਹਿਣ 'ਤੇ ਲੱਲਾ ਨੇ ਉਸ ਦੇ ਢਿੱਡ ਵਿਚ ਛੁਰੀ ਮਾਰ ਦਿੱਤੀ ਤਾਂ ਜੋ ਉਹ ਉਨ੍ਹਾਂ ਦਾ ਪਿੱਛਾ ਨਾ ਕਰ ਸਕੇ ਤੇ ਵਾਰਦਾਤ ਤੋਂ ਬਾਅਦ ਚਾਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ | ਇਸ ਤੋਂ ਬਾਅਦ ਪੀੜਤ ਨੂੰ ਲਹੂ-ਲੁਹਾਣ ਹਾਲਤ ਵਿਚ ਦੇਖ ਕੇ ਸਥਾਨਕ ਲੋਕਾਂ ਨੇ ਉਸ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਕਿ ਉਸ ਦਾ ਇਲਾਜ ਕੀਤਾ ਗਿਆ | ਇਲਾਜ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਸ਼ੂ ਨੇ ਦੱਸਿਆ ਕਿ ਜਲਦ ਹੀ ਉਸ ਦਾ ਵਿਆਹ ਹੋਣ ਵਾਲਾ ਹੈ ਅਤੇ ਲੁੱਟੀ ਗਈ ਸੋਨੇ ਦੀ ਚੇਨ ਉਸ ਦੇ ਸਹੁਰਿਆਂ ਵਲੋਂ ਸ਼ਗਨ ਮੌਕੇ ਪਾਈ ਗਈ ਸੀ | ਉਸ ਨੇ ਪੁਲਿਸ ਕਾਰਵਾਈ 'ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਵਾਰਦਾਤ ਨੂੰ ਚਾਰ ਦਿਨ ਬੀਤ ਜਾਣ ਮਗਰੋਂ ਵੀ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਉਧਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਮਗਰੋਂ ਹੀ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |