ਚੰਡੀਗੜ੍ਹ, 22 ਮਈ (ਮਾਰਕੰਡਾ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਨੇ ਪੋਸਕੋ ਮਾਮਲਿਆਂ ਨਾਲ ਨਜਿੱਠਣ ਵਾਲੇ ਚੰਡੀਗੜ੍ਹ ਪੁਲਿਸ ਦੇ ਥਾਣਾ ਇੰਚਾਰਜਾਂ, ਜਾਂਚ ਅਧਿਕਾਰੀਆਂ ਤੇ ਇੰਸਪੈਕਟਰਾਂ ਨਾਲ ਵਰਕਸ਼ਾਪ ਕੀਤੀ ਗਈ | ਇਹ ਵਰਕਸ਼ਾਪ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਤੇ ਬਾਲ ਸੁਰੱਖਿਆ ਅਤੇ ਨਿਆਂ ਪ੍ਰਦਾਨ ਕਰਨ ਵਿਚ ਸ਼ਾਮਲ ਹਿੱਸੇਦਾਰਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨ 'ਤੇ ਕੇਂਦਿ੍ਤ ਰਿਹਾ | ਉਦਘਾਟਨੀ ਸੈਸ਼ਨ ਦੌਰਾਨ ਅਰੁਣ ਕੁਮਾਰ ਅਗਰਵਾਲ ਮੈਂਬਰ ਸਕੱਤਰ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਕੇਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਨੇ ਪੁਲਿਸ ਅਧਿਕਾਰੀਆਂ ਨੂੰ ਐਸ.ਐਲ.ਐਸ.ਏ. ਤੇ ਡੀ.ਐਲ.ਐਸ.ਏ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਕਾਨੂੰਨੀ ਜਾਗਰੂਕਤਾ ਅਤੇ ਪੀੜਤ ਸਹਾਇਤਾ ਯੋਜਨਾਵਾਂ ਬਾਰੇ ਜਾਣੂ ਕਰਵਾਇਆ | ਇਸ ਮੌਕੇ ਸੁਨੀਲ ਕੁਮਾਰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਨੇ ਸੰਬੋਧਨ ਕੀਤਾ | ਸ਼ਿਵ ਕੁਮਾਰ ਸ਼ਰਮਾ ਪ੍ਰੋਗਰਾਮ ਕੋਆਰਡੀਨੇਟਰ ਵਰਕਸ਼ਾਪ ਦੌਰਾਨ ਮੌਜੂਦ ਰਹੇ | ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਪ੍ਰੋਫੈਸਰ ਡਾ. ਜੋਤੀ ਰਤਨ ਨੇ ਪੋਕਸੋ ਐਕਟ ਦੇ ਉਪਬੰਧਾਂ, ਪ੍ਰਕਿਰਿਆਵਾਂ ਤੇ ਕਾਨੂੰਨੀ ਪਹਿਲੂਆਂ 'ਤੇ ਇੱਕ ਮਾਹਰ ਸੈਸ਼ਨ ਦਿੱਤਾ | ਰਾਜੇਸ਼ਵਰ ਸਿੰਘ ਕਾਨੂੰਨ ਅਧਿਕਾਰੀ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਨੇ ਪੀੜਤ ਮੁਆਵਜ਼ਾ ਯੋਜਨਾ ਤੇ ਇਸ ਯੋਜਨਾ ਦੇ ਤਹਿਤ ਪੀੜਤਾਂ ਨੂੰ ਉਪਲਬਧ ਲਾਭਾਂ ਬਾਰੇ ਦੱਸਿਆ | ਚਾਈਲਡ ਵੈੱਲਫੇਅਰ ਕਮੇਟੀ ਚੰਡੀਗੜ੍ਹ ਦੀ ਚੇਅਰਪਰਸਨ ਡਾ. ਗੁਰਪ੍ਰੀਤ ਕੌਰ ਨੇ ਪੋਕਸੋ ਮਾਮਲਿਆਂ 'ਚ ਬੱਚਿਆਂ ਦੇ ਪੁਨਰਵਾਸ, ਦੇਖਭਾਲ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਬਾਲ ਭਲਾਈ ਕਮੇਟੀ ਤੇ ਬਾਲ ਦੇਖਭਾਲ ਸੰਸਥਾਵਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ | ਸਮਾਪਤੀ ਸੈਸ਼ਨ ਵਿਚ ਪੋਕਸੋ ਕੋਰਟ ਦੀ ਪ੍ਰੀਜ਼ਾਈਡਿੰਗ ਅਫਸਰ ਡਾ. ਯਸ਼ਿਕਾ ਨੇ ਸਰਕਾਰੀ ਵਕੀਲ ਮਨਿੰਦਰ ਕੌਰ ਨਾਲ ਮਿਲ ਕੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪੋਕਸੋ ਕੇਸਾਂ ਦੀ ਜਾਂਚ ਅਤੇ ਸੁਣਵਾਈ ਦੌਰਾਨ ਦਰਪੇਸ਼ ਵਿਹਾਰਕ ਚੁਣੌਤੀਆਂ 'ਤੇ ਚਰਚਾ ਕੀਤੀ |