ਚੰਡੀਗੜ੍ਹ, 13 ਜੂਨ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਭਲਕੇ ਤੋਂ ਸਾਫ਼ ਅਤੇ ਖੁਸ਼ਕ ਰਹੇਗਾ | ਮੀਂਹ, ਹਨੇਰੀ ਅਤੇ ਗੜੇਮਾਰੀ ਸੰਬੰਧੀ ਚਿਤਾਵਨੀ ਖ਼ਤਮ ਹੋ ਗਈਆਂ ਹਨ, ਜਿਸ ਕਰਕੇ ਅਗਲੇ ਦਿਨਾਂ ਵਿਚ ਸੂਰਜ ਚਮਕੇਗਾ ਅਤੇ ਸਖ਼ਤ ਗਰਮੀ ਦਾ ਪ੍ਰਭਾਵ ਮੁੜ ਵਧੇਗਾ | ਅੱਜ ਵੀ ਪੰਜਾਬ ਅਤੇ ਹਰਿਆਣਾ ਦੇ ਕੁੱਝ ਖੇਤਰਾਂ ਵਿਚ ਹਲਕਾ ਮੀਂਹ ਪਿਆ ਅਤੇ ਤੇਜ਼ ਗਤੀ ਦੀਆਂ ਹਵਾਵਾਂ ਚੱਲੀਆਂ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ 14 ਤੋਂ 19 ਜੂਨ ਤੱਕ ਮੌਸਮ ਆਮ ਵਾਂਗ ਸਾਫ਼ ਅਤੇ ਖੁਸ਼ਕ ਰਹੇਗਾ ਅਤੇ ਇਕ ਹਫ਼ਤੇ ਤੱਕ ਮੀਂਹ ਅਤੇ ਹਨੇਰੀ ਸੰਬੰਧੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ | ਮੌਸਮ ਸਾਫ਼ ਰਹਿਣ ਕਰਕੇ ਸੂਰਜ ਚਮਕੇਗਾ | ਇਸ ਕਾਰਨ ਲੋਕਾਂ ਨੂੰ ਗਰਮੀ ਦੀ ਮਾਰ ਮੁੜ ਤੋਂ ਝੱਲਣੀ ਪਵੇਗੀ ਅਤੇ ਦਿਨ ਦੇ ਤਾਪਮਾਨ ਵਿਚ ਵਾਧਾ ਹੋਵੇਗਾ | ਸੂਬੇ ਵਿਚ ਕੁੱਝ ਦਿਨ ਲਗਾਤਾਰ ਮੀਂਹ ਪੈਣ ਅਤੇ ਤੇਜ ਹਵਾਵਾਂ ਚੱਲਣ ਕਰਨ ਦਿਨ ਦੇ ਤਾਪਮਾਨ ਵਿਚ ਕਮੀ ਆਈ ਹੈ ਅਤੇ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ | ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਫਰੀਦਕੋਟ ਵਿਚ ਦਰਜ ਕੀਤਾ ਗਿਆ, ਜੋ ਬੀਤੇ ਕੱਲ੍ਹ ਨਾਲੋਂ 1.3 ਡਿਗਰੀ ਸੈਲਸੀਅਸ ਘੱਟ ਹੈ | ਹੋਰਨਾਂ ਜ਼ਿਲਿ੍ਹਆਂ ਵਿਚ ਦਿਨ ਦਾ ਤਾਪਮਾਨ ਅੰਮਿ੍ਤਸਰ ਵਿਖੇ 30.7 ਡਿਗਰੀ ਸੈਲਸੀਅਸ, ਲੁਧਿਆਣਾ 'ਚ 28.8 ਡਿਗਰੀ, ਪਟਿਆਲਾ 'ਚ 33 ਡਿਗਰੀ, ਬਠਿੰਡਾ 'ਚ 35 ਡਿਗਰੀ, ਐਸ.ਬੀ.ਐਸ ਨਗਰ 'ਚ 32.2 ਡਿਗਰੀ, ਫਾਜ਼ਿਲਕਾ 'ਚ 34 ਡਿਗਰੀ, ਫਿਰੋਜ਼ਪੁਰ 'ਚ 30.9 ਡਿਗਰੀ, ਹੁਸ਼ਿਆਰਪੁਰ 'ਚ 26.9 ਡਿਗਰੀ, ਐਸ.ਏ.ਐਸ ਨਗਰ 'ਚ 32.1 ਡਿਗਰੀ, ਪਠਾਨਕੋਟ 'ਚ 31.7 ਡਿਗਰੀ ਅਤੇ ਰੂਪਨਗਰ ਵਿਚ 29.2 ਡਿਗਰੀ ਸੈਲਸੀਅਸ ਤੱਕ ਰਿਹਾ | ਰਾਜਧਾਨੀ ਚੰਡੀਗੜ੍ਹ ਵਿਚ ਦਿਨ ਦੇ ਤਾਪਮਾਨ ਵਿਚ 7 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਅਤੇ ਦਿਨ ਦਾ ਤਾਪਮਾਨ 32.1 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 21.4 ਡਿਗਰੀ ਸੈਲਸੀਅਸ ਰਿਹਾ | ਗੁਆਂਢੀ ਸੂਬੇ ਹਰਿਆਣਾ ਦੇ ਤਾਪਮਾਨ ਵਿਚ ਕਮੀ ਦਾ ਦੌਰ ਜਾਰੀ ਹੈ | ਇੱਥੇ ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਨਾਰਨੌਲ ਵਿਚ ਦਰਜ ਕੀਤਾ ਗਿਆ |