03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

‘ਨੀਟ’ ਤੇ ਹੋਰ ਪ੍ਰੀਖਿਆਵਾਂ ’ਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੀ ਯਾਦ ਵਿਚ ਸੁਖਨਾ ਝੀਲ ’ਤੇ ਕਾਂਗਰਸ ਵਲੋਂ ਕੈਂਡਲ ਮਾਰਚ

Ad Position 21
No active advertisement
ਅਜੀਤ ਡੈਸਕ 04-07-2026
ਚੰਡੀਗੜ੍ਹ, 3 ਜੁਲਾਈ (ਵਿਕਰਮਜੀਤ ਸਿੰਘ ਮਾਨ)- ਦੇਸ਼ ਵਿਚ ਲਗਾਤਾਰ ਵੱਧ ਰਹੀ ਬੇਰੁਜ਼ਗਾਰੀ, ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਵਾਰ-ਵਾਰ ਹੋ ਰਹੇ ਪੇਪਰ ਲੀਕ, ਨੌਜਵਾਨਾਂ ਦੇ ਟੁੱਟਦੇ ਭਰੋਸੇ ਅਤੇ ਇਨ੍ਹਾਂ ਹਾਲਤਾਂ ਕਾਰਨ ਨਿਰਾਸ਼ ਹੋ ਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਵਾਲੇ ਵਿਦਿਆਰਥੀਆਂ ਦੀ ਯਾਦ ਵਿਚ ਅੱਜ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਸੁਖਨਾ ਝੀਲ ਵਿਖੇ ਇਕ ਭਾਵੁਕ ਅਤੇ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ। ਇਸ ਕੈਂਡਲ ਮਾਰਚ ਦੀ ਅਗਵਾਈ ਕੁੱਲ ਹਿੰਦ ਕਾਂਗਰਸ ਦੀ ਚੰਡੀਗੜ੍ਹ ਇੰਚਾਰਜ ਅਤੇ ਸਾਬਕਾ ਸੰਸਦ ਮੈਂਬਰ ਰਜਨੀ ਪਾਟਿਲ, ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ.ਐਸ. ਲੱਕੀ ਨੇ ਸਾਂਝੇ ਤੌਰ ’ਤੇ ਕੀਤੀ। ਕਾਂਗਰਸੀ ਵਰਕਰਾਂ ਨੇ ਹੱਥਾਂ ਵਿਚ ਜਲਦੀਆਂ ਮੋਮਬੱਤੀਆਂ, ਬੈਨਰ, ਤਖ਼ਤੀਆਂ ਅਤੇ ਉਨ੍ਹਾਂ ਵਿਦਿਆਰਥੀਆਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ ਜਿਨ੍ਹਾਂ ਨੇ ‘ਨੀਟ’ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਵਾਰ-ਵਾਰ ਸਾਹਮਣੇ ਆਏ ਪੇਪਰ ਲੀਕ, ਪ੍ਰੀਖਿਆ ਪ੍ਰਣਾਲੀ ਦੀਆਂ ਖਾਮੀਆਂ, ਮਾਨਸਿਕ ਤਣਾਅ ਅਤੇ ਆਪਣੇ ਭਵਿੱਖ ਪ੍ਰਤੀ ਡੂੰਘੀ ਨਿਰਾਸ਼ਾ ਕਾਰਨ ਆਪਣੀ ਜਾਨ ਗੁਆ ਦਿੱਤੀ। ਪੂਰੇ ਮਾਰਚ ਦੌਰਾਨ ਮਾਹੌਲ ਬਹੁਤ ਹੀ ਭਾਵੁਕ ਰਿਹਾ ਅਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਦਿਵੰਗਤ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਇਸ ਮੌਕੇ ਰਜਨੀ ਪਾਟਿਲ ਨੇ ਕਿਹਾ ਕਿ ਅੱਜ ਦੇਸ਼ ਦਾ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਸਭ ਤੋਂ ਵੱਧ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਕਰੋੜਾਂ ਵਿਦਿਆਰਥੀ ਸਾਲਾਂ ਤੱਕ ਸਖ਼ਤ ਮਿਹਨਤ ਕਰਦੇ ਹਨ, ਪਰ ਜਦੋਂ ਵਾਰ-ਵਾਰ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਪੂਰੀ ਪ੍ਰਣਾਲੀ ਤੋਂ ਵਿਸ਼ਵਾਸ ਉੱਠ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪ੍ਰਸ਼ਾਸਨਿਕ ਨਾਕਾਮੀ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਦੇ ਸੁਪਨਿਆਂ ਨਾਲ ਕੀਤਾ ਜਾ ਰਿਹਾ ਵੱਡਾ ਅਨਿਆਇ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਲਗਾਤਾਰ ਸਾਹਮਣੇ ਆ ਰਹੇ ਪੇਪਰ ਲੀਕਾਂ ਨੇ ਲੱਖਾਂ ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ ਵਿਚ ਧੱਕ ਦਿੱਤਾ ਹੈ। ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਕਿਹਾ ਜਾਂਦਾ ਹੈ, ਪਰ ਦੁੱਖ ਦੀ ਗੱਲ ਹੈ ਕਿ ਅੱਜ ਇਹੀ ਨੌਜਵਾਨ ਸਭ ਤੋਂ ਵੱਧ ਨਿਰਾਸ਼ ਅਤੇ ਅਸੁਰੱਖਿਅਤ ਹੈ। ਐੱਚ.ਐੱਸ. ਲੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਸਾਰੇ ਦਿਵੰਗਤ ਵਿਦਿਆਰਥੀਆਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਕੈਂਡਲ ਮਾਰਚ ਦੇ ਅੰਤ ਵਿਚ ਸਾਰੇ ਹਾਜ਼ਰ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਦਿਵੰਗਤ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸੰਕਲਪ ਲਿਆ ਕਿ ਦੇਸ਼ ਦੇ ਨੌਜਵਾਨਾਂ ਦੇ ਹੱਕਾਂ, ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਅਤੇ ਰੋਜ਼ਗਾਰ ਦੇ ਮੌਕੇ ਯਕੀਨੀ ਬਣਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਨੀਮਾਜਰਾ ’ਚ ਵਾਹਨਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਦੋ ਨਸ਼ਾ ਪੀੜਤ ਕਾਬੂ ਅਗਲੀ ਖ਼ਬਰ ਤਹਿਰਾਨ ਵਿਖੇ ਈਰਾਨ ਦੇ ਸੁਪਰੀਮ ਲੀਡਰ ਖਾਮੇਨੇਈ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਈਰਾਨੀ ਧਾਰਮਿਕ ਆਗੂ ਅਤੇ ਹੋਰ।
Ad Position 24
No active advertisement