ਚੰਡੀਗੜ੍ਹ, 3 ਜੁਲਾਈ (ਕਪਿਲ ਵਧਵਾ)– ਮਨੀਮਾਜਰਾ ਖੇਤਰ ਵਿਚ ਪਿਛਲੇ ਕੁੱਝ ਦਿਨਾਂ ਤੋਂ ਵਾਹਨਾਂ ਦੀਆਂ ਬੈਟਰੀਆਂ ਚੋਰੀ ਕਰਨ ਦੀਆਂ ਵਾਰਦਾਤਾਂ ਦਾ ਪਰਦਾਫਾਸ਼ ਕਰਦਿਆਂ ਚੰਡੀਗੜ੍ਹ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੀਆਂ 9 ਬੈਟਰੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ 28 ਸਾਲਾ ਆਮਿਰ ਅਤੇ 25 ਸਾਲਾ ਸੰਜੇ ਸਿੰਘ ਮਹਿਰਾ, ਦੋਵੇਂ ਵਾਸੀ ਮੌਲੀ ਜਾਗਰਾਂ, ਚੰਡੀਗੜ੍ਹ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮਨੀਮਾਜਰਾ ਦੇ ਵਸਨੀਕ 79 ਸਾਲਾ ਧੀਰ ਵਲੋਂ ਆਪਣੀ ਸੈਲੇਰੀਓ ਕਾਰ ਦੀ ਐਕਸਾਈਡ ਬੈਟਰੀ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਗਈ ਸੀ। ਇਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਸੀ.ਸੀ.ਟੀ.ਵੀ ਫੁਟੇਜ, ਖੁਫੀਆ ਜਾਣਕਾਰੀ ਅਤੇ ਨਾਕਾਬੰਦੀ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੇ ਖੁਲਾਸੇ ’ਤੇ ਮਨੀਮਾਜਰਾ ਦੇ ਇਕ ਠਿਕਾਣੇ ਤੋਂ ਹੋਰ 8 ਚੋਰੀਸ਼ੁਦਾ ਬੈਟਰੀਆਂ ਬਰਾਮਦ ਕੀਤੀਆਂ ਗਈਆਂ। ਕੁੱਲ 9 ਬੈਟਰੀਆਂ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਨਸ਼ੇ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਸਨ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।