ਐੱਸ. ਏ. ਐੱਸ. ਨਗਰ, 4 ਜੁਲਾਈ (ਕਪਿਲ ਵਧਵਾ)-ਥਾਣਾ ਬਲੌਂਗੀ ਅਧੀਨ ਪੈਂਦੇ ਪਿੰਡ ਜੁਝਾਰ ਨਗਰ ਵਿਖੇ ਇਕ ਘਰ ਵਿਚ ਚੱਲ ਰਹੀ ਪਾਰਟੀ ਦੌਰਾਨ ਹਵਾਈ ਫਾਇਰ ਕਰਕੇ ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨਾ ਕੁਝ ਵਿਅਕਤੀਆਂ ਨੂੰ ਮਹਿੰਗਾ ਪੈ ਗਿਆ। ਵਾਇਰਲ ਵੀਡੀਓ ਦੇ ਪੁਲਿਸ ਤੱਕ ਪੁੱਜਣ ਉਪਰੰਤ ਬਲੌਂਗੀ ਪੁਲਿਸ ਨੇ ਜਾਂਚ ਕਰਦਿਆਂ ਮੁਖਤਿਆਰ ਸਿੰਘ ਨਾਮਕ ਇਕ ਵਿਅਕਤੀ ਦੀ ਪਛਾਣ ਕਰਕੇ ਉਸ ਖ਼ਿਲਾਫ਼ ਐਕਟ ਇੰਡੇਜਰਿੰਗ ਹਿਊਮਨ ਲਾਈਫ਼ ਅਤੇ ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਘਟਨਾ ਜੁਝਾਰ ਨਗਰ ਦੀ ਇਕ ਗਲੀ ਵਿਚ ਵਾਪਰੀ ਸੀ। ਵਾਇਰਲ ਵੀਡੀਓ ਵਿਚ ਦੋਨਾਲੀ ਨਾਲ ਹਵਾਈ ਫਾਇਰ ਕਰਦੇ ਦਿਖਾਈ ਦੇ ਰਹੇ ਵਿਅਕਤੀ ਦੀ ਪਛਾਣ ਜੁਝਾਰ ਨਗਰ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਵਜੋਂ ਹੋਈ ਹੈ। ਜਾਂਚ ਦੌਰਾਨ ਗਲੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਨੂੰ ਅਹਿਮ ਸਬੂਤ ਵਜੋਂ ਵਰਤਿਆ ਗਿਆ। ਪੁਲਿਸ ਨੇ ਦੋਵਾਂ ਦੀ ਘੋਖ ਕਰਕੇ ਮੁਲਜ਼ਮ ਦੀ ਪਛਾਣ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿਚ ਸ਼ਾਮਿਲ ਹੋਰਨਾਂ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਜਾਂਚ ਦੌਰਾਨ ਹੋਰਨਾਂ ਲੋਕਾਂ ਦੇ ਵੀ ਹਵਾਈ ਫਾਇਰ ਕਰਨ ਜਾਂ ਘਟਨਾ ‘ਚ ਸ਼ਾਮਿਲ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਮੁਤਾਬਿਕ ਜੁਝਾਰ ਨਗਰ ਦੇ ਇਕ ਘਰ ਵਿਚ ਪਾਰਟੀ ਚੱਲ ਰਹੀ ਸੀ, ਜਿਸ ਵਿਚ ਕਈ ਵਿਅਕਤੀ ਮੌਜੂਦ ਸਨ। ਪਾਰਟੀ ਦੌਰਾਨ ਕੁਝ ਨੌਜਵਾਨ ਘਰ ਤੋਂ ਬਾਹਰ ਗਲੀ ਵਿਚ ਆਏ ਅਤੇ ਵਾਰੀ-ਵਾਰੀ ਹਵਾਈ ਫਾਇਰ ਕਰਨ ਲੱਗ ਪਏ। ਇਸੇ ਦੌਰਾਨ ਉਨ੍ਹਾਂ ਦੇ ਸਾਥੀਆਂ ਨੇ ਮੋਬਾਈਲ ਫ਼ੋਨਾਂ ‘ਤੇ ਵੀਡੀਓ ਰਿਕਾਰਡ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰ ਦਿੱਤਾ, ਜੋ ਕਿ ਕੁਝ ਹੀ ਸਮੇਂ ਵਿਚ ਵਾਇਰਲ ਹੋ ਗਈਆਂ। ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਬਲੌਂਗੀ ਦੇ ਮੁਖੀ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਵਰਤਿਆ ਗਿਆ ਹਥਿਆਰ ਲਾਇਸੰਸੀ ਸੀ ਜਾਂ ਨਹੀਂ ਅਤੇ ਪਾਰਟੀ ਵਿਚ ਮੌਜੂਦ ਹੋਰਨਾਂ ਵਿਅਕਤੀਆਂ ਦੀ ਇਸ ਘਟਨਾ ਵਿਚ ਕੀ ਭੂਮਿਕਾ ਰਹੀ।