ਨੰਗਲ, 25 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨੰਗਲ ਅਤੇ ਨਾਲ ਲੱਗਦੇ ਇਲਾਕੇ ਵਿਚ ਪਾਬੰਦੀਸ਼ੁਦਾ ਅਤੇ ਅਤਿ ਘਾਤਕ ਚਾਈਨਾ ਡੋਰ ਦੀ ਵਿੱਕਰੀ ਤੇ ਵਰਤੋਂ ਲਗਾਤਾਰ ਬਿਨਾਂ ਕਿਸੇ ਪ੍ਰਸ਼ਾਸਨਿਕ ਕਾਰਵਾਈ ਦੇ ਡਰੋ ਜਾਰੀ ਹੈ ਅਤੇ ਇਸਦਾ ਖ਼ਮਿਆਜ਼ਾ ਰੋਜ਼ਾਨਾ ਹੀ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਦੋ ਪਹੀਆ ਵਾਹਨ ਚਾਲਕ ਇਸ ਚਾਈਨਾ ਡੋਰ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਰਹੇ ਹਨ | ਅੱਜ ਦੀ ਤਾਜ਼ਾ ਘਟਨਾ ਨੰਗਲ ਦੇ ਐਮ ਪੀ ਦੀ ਕੋਠੀ ਇਲਾਕੇ ਵਿਚ ਵਾਪਰਨ ਦਾ ਸਮਾਚਾਰ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਭੁਨਪਲੀ ਦਾ ਰਹਿਣ ਵਾਲਾ ਅੰਮਿ੍ਤ ਨਾਮ ਦਾ ਵਿਅਕਤੀ ਆਪਣੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਪਣੇ ਬੇਟੇ ਨੂੰ ਛੱਡਣ ਲਈ ਪਿੰਡ ਛੋਟੇਵਾਲ ਨੂੰ ਜਾ ਰਿਹਾ ਸੀ ਤਾਂ ਅਚਾਨਕ ਉਸ ਦੀ ਗਰਦਨ ਵਿਚ ਚਾਈਨਾ ਡੋਰ ਫਸ ਗਈ | ਜਿਵੇਂ ਹੀ ਉਸਨੇ ਆਪਣੇ ਹੱਥ ਨਾਲ ਇਸਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਡੋਰ ਨਾਲ ਉਸਦੀਆਂ ਉਂਗਲੀਆਂ ਉੱਤੇ ਕੱਟ ਲੱਗ ਗਿਆ | ਇਲਾਕੇ ਦੇ ਲੋਕਾਂ ਵਲੋਂ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਨੰਗਲ ਲਿਜਾਇਆ ਗਿਆ, ਪਰ ਉੱਥੋਂ ਉਸਨੂੰ ਬੀ.ਬੀ.ਐਮ.ਬੀ. ਹਸਪਤਾਲ ਕੈਨਾਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਡਿਊਟੀ ਤੇ ਤਾਇਨਾਤ ਡਾਕਟਰਾਂ ਵਲੋਂ ਉਸਦੀ ਗਰਦਨ 'ਤੇ ਅੱਧੀ ਦਰਜਨ ਤੋਂ ਵੱਧ ਟਾਂਕੇ ਲਗਾਏ ਗਏ | ਇਸ ਘਟਨਾ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਗੰਭੀਰ ਜ਼ਖਮੀ ਹੋਏ ਅੰਮਿ੍ਤ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਦੱਸਿਆ ਕਿ ਅੰਮਿ੍ਤ ਆਪਣੇ ਬੁਲੇਟ ਮੋਟਰਸਾਈਕਲ 'ਤੇ ਪਿੰਡ ਛੁੱਟੇਵਾਲ ਵਿਖੇ ਆਪਣੇ ਪੁੱਤਰ ਨੂੰ ਛੱਡਣ ਜਾ ਰਿਹਾ ਸੀ ਤਾਂ ਐਮਪੀ ਕੋਠੀ ਨੇੜੇ ਚਾਈਨਾ ਦੂਰ ਅਚਾਨਕ ਉਸ ਦੇ ਗਲ ਵਿਚ ਫਸਣ ਕਾਰਨ ਉਸਦੀ ਗਰਦਨ 'ਤੇ ਡੂੰਘਾ ਜ਼ਖ਼ਮ ਹੋ ਗਿਆ | ਉਨ੍ਹਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਾਈ ਕਿ ਇਲਾਕੇ ਵਿਚ ਬਿਨਾਂ ਕਿਸੇ ਕਾਰਵਾਈ ਦੇ ਡਰੋ ਧੜੱਲੇ ਨਾਲ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਤਾਂ ਜੋ ਨਿੱਤ ਦਿਨ ਸੜਕਾਂ ਤੇ ਵਾਪਰ ਰਹੇ ਹਾਦਸਿਆਂ ਤੋਂ ਨਿਜਾਤ ਮਿਲ ਸਕੇ | ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਿਸ ਥਾਣਾ ਨੰਗਲ ਮੁਖੀ ਇੰਸਪੈਕਟਰ ਸਿਮਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਪੁਲਿਸ ਵਲੋਂ ਲਗਾਤਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਸਮੇਤ ਪਤੰਗਾਂ ਬਾਲੀਆਂ ਦੁਕਾਨਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਫ਼ਿਲਹਾਲ ਇੱਕ ਵਿਅਕਤੀ ਕੋਲੋਂ ਹੀ ਪਿਛਲੇ ਦਿਨਾਂ ਦੌਰਾਨ ਚਾਈਨਾ ਡੋਰ ਬਰਾਮਦ ਕੀਤੀ ਗਈ ਸੀ ਜਿਸ ਖ਼ਿਲਾਫ਼ ਪੁਲਿਸ ਵਲੋਂ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਜੇਕਰ ਕਿਸੇ ਵੀ ਵਿਅਕਤੀ ਵਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿੱਕਰੀ ਅਤੇ ਵਰਤੋਂ ਸਬੰਧੀ ਪਤਾ ਚੱਲਦਾ ਹੈ ਤਾਂ ਉਸਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਬਣਦੀ ਕਾਰਵਾਈ ਕੀਤੀ ਜਾ ਸਕੇ |