ਨੂਰਪੁਰ ਬੇਦੀ, 5 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)- ਰਾਸ਼ਨ ਡੀਪੂ ਹੋਲਡਰ ਯੂਨੀਅਨ ਨੂਰਪੁਰ ਬੇਦੀ (ਜ਼ਿਲ੍ਹਾ ਰੂਪਨਗਰ) ਵਲੋਂ 6 ਅਪ੍ਰੈਲ ਨੂੰ ਸੰਗਰੂਰ ਵਿਖੇ ਲਗਾਏ ਜਾਣ ਵਾਲੇ ਧਰਨੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਪੂ ਹੋਲਡਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਸਾਬਕਾ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਧਰਨੇ ਵਿਚ ਜ਼ਿਲ੍ਹਾ ਰੂਪਨਗਰ ਤੋਂ ਡੀਪੂ ਹੋਲਡਰ ਸ਼ਮੂਲੀਅਤ ਕਰਨਗੇ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ | ਉਨ੍ਹਾਂ ਕਿਹਾ ਕਿ ਡੀਪੂ ਹੋਲਡਰਾਂ ਦੀਆਂ ਮੰਗਾਂ ਕਾਫ਼ੀ ਸਮੇਂ ਤੋਂ ਲੰਬਿਤ ਪਈਆਂ ਹਨ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਮਾਣ ਭੱਤਾ ਵਧਾਉਣ ਦੀ ਮੰਗ, ਡੀਪੂ ਦੁਕਾਨਾਂ ਦੇ ਕਿਰਾਏ ਅਤੇ ਬਿਜਲੀ ਦੇ ਬਿੱਲਾਂ ਦੀ ਭਰਪਾਈ, ਅਤੇ ਬੰਦ ਪਈਆਂ ਰਾਸ਼ਨ ਸਪਲਾਈਆਂ ਨੂੰ ਤੁਰੰਤ ਬਹਾਲ ਕਰਨਾ ਆਦਿ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਇਹ ਮਸਲੇ ਕਈ ਵਾਰ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਂਦੇ ਗਏ ਹਨ, ਪਰ ਅਜੇ ਤੱਕ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ | ਸ਼ਰਮਾ ਨੇ ਕਿਹਾ ਕਿ ਸਰਕਾਰ ਵਲੋਂ ਡੀਪੂ ਹੋਲਡਰਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਹੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |