ਨੂਰਪੁਰ ਬੇਦੀ, 5 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਲਾਗੂ ਕੀਤੇ ਐਂਟਰੀ ਟੈਕਸ ਦੇ ਮੁੱਦੇ 'ਤੇ ਪੰਜਾਬ ਵਿਚ ਗ਼ੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸਦਾ ਅਸਰ ਹੁਣ ਟੂਰਿਜ਼ਮ ਸੈਕਟਰ 'ਤੇ ਵੀ ਦਿਖਾਈ ਦੇਣ ਲੱਗ ਪਿਆ ਹੈ | ਪੰਜਾਬ-ਹਿਮਾਚਲ ਸਰਹੱਦ 'ਤੇ ਕਰੀਬ 33 ਐਂਟਰੀ ਪੁਆਇੰਟਾਂ 'ਤੇ ਵਾਰ-ਵਾਰ ਹੋ ਰਹੇ ਚੱਕਾ ਜਾਮਾਂ ਕਾਰਨ ਆਵਾਜਾਈ ਅਤੇ ਟੂਰਿਸਟ ਮੂਵਮੈਂਟ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਸੰਘਰਸ਼ ਕਮੇਟੀ ਦੇ ਪ੍ਰਮੁੱਖ ਗੌਰਵ ਰਾਣਾ ਨੇ ਕਿਹਾ ਕਿ ਜੇ ਹਿਮਾਚਲ ਸਰਕਾਰ ਨੇ ਸਮੇਂ ਸਿਰ ਐਂਟਰੀ ਟੈਕਸ ਵਾਪਸ ਨਾ ਲਿਆ, ਤਾਂ 15 ਅਪ੍ਰੈਲ ਤੋਂ 30 ਜੂਨ ਤੱਕ ਚੱਲਣ ਵਾਲੇ ਪੀਕ ਟੂਰਿਜ਼ਮ ਸੀਜ਼ਨ 'ਤੇ ਸੰਕਟ ਦਾ ਪਰਛਾਵਾਂ ਛਾ ਰਿਹਾ ਹੈ | ਹਰ ਸਾਲ ਇਸ ਦੌਰਾਨ ਪੰਜਾਬ ਸਮੇਤ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਦਾ ਰੱਖ ਕਰਦੇ ਹਨ, ਪਰ ਮੌਜੂਦਾ ਹਾਲਾਤ ਕਾਰਨ ਇਹ ਗਿਣਤੀ ਘਟਣ ਦਾ ਖ਼ਤਰਾ ਬਣ ਗਿਆ ਹੈ | ਉਨ੍ਹਾਂ ਦੱਸਿਆ ਕਿ ਲਗਾਤਾਰ ਲੱਗ ਰਹੇ ਜਾਮਾਂ ਨਾਲ ਨਾ ਸਿਰਫ਼ ਸਥਾਨਕ ਲੋਕ ਪਰੇਸ਼ਾਨ ਹਨ, ਸਗੋਂ ਬਾਹਰੀ ਟੂਰਿਸਟ ਵੀ ਨਾਰਾਜ਼ ਹੋ ਰਹੇ ਹਨ | ਘੰਟਿਆਂ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵਿਚ ਫਸਣ ਕਾਰਨ ਯਾਤਰਾ ਅਸੁਵਿਧਾਜਨਕ ਬਣ ਰਹੀ ਹੈ, ਜਿਸ ਕਰਕੇ ਕਈ ਟੂਰਿਸਟ ਹੁਣ ਹਿਮਾਚਲ ਜਾਣ ਤੋਂ ਕਤਰਾਉਣ ਲੱਗ ਪਏ ਹਨ | ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਕਈ ਸੈਲਾਨੀ ਹੁਣ ਉੱਤਰਾਖੰਡ ਅਤੇ ਕਸ਼ਮੀਰ ਵੱਲ ਰੁਝਾਨ ਕਰ ਰਹੇ ਹਨ, ਜੋ ਹਿਮਾਚਲ ਦੇ ਟੂਰਿਜ਼ਮ ਉਦਯੋਗ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ | ਗੌਰਵ ਰਾਣਾ ਨੇ ਚੇਤਾਵਨੀ ਦਿੱਤੀ ਕਿ ਜੇ ਇਹ ਸਥਿਤੀ ਜਾਰੀ ਰਹੀ ਤਾਂ ਟੂਰਿਸਟਾਂ 'ਤੇ ਨਿਰਭਰ ਹੋਟਲ ਅਤੇ ਟੈਕਸੀ ਇੰਡਸਟਰੀ ਵਦੇ ਵੱਡੇ ਵਿੱਤੀ ਸੰਕਟ ਵੱਲ ਵਧ ਸਕਦੀ ਹੈ | ਸੰਘਰਸ਼ਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜਦ ਤੱਕ ਐਂਟਰੀ ਟੈਕਸ ਖ਼ਤਮ ਨਹੀਂ ਹੁੰਦਾ, ਅੰਦੋਲਨ ਜਾਰੀ ਰਹੇਗਾ ਅਤੇ ਲੋੜ ਪਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ |