ਨੰਗਲ, 20 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਪੰਜਾਬ ਤੇ ਹਿਮਾਚਲ 'ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਤਾਂ ਹੈ ਪਰ ਅਰਾਟ ਕਢਾਅ ਰਹੀ ਗਰਮੀ ਕਾਰਨ ਚੋਣ ਪ੍ਰਚਾਰ ਸ਼ਾਮ ਸਮੇਂ ਹੀ ਹੋ ਰਿਹਾ ਹੈ | ਨੰਗਲ ਦੇ ਹਰ ਵਾਰਡ 'ਚ ਪੋਸਟਰ ਜੰਗ ਜਾਰੀ ਹੈ | ਉਮੀਦਵਾਰਾਂ ਦੇ ਸਮਰਥਕ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਹਨ | ਪਤਵੰਤੇ ਸੱਜਣਾਂ ਨੂੰ ਦੂਰ ਦੁਰਾਡਿਓਾ ਸਿਫ਼ਾਰਸੀ ਫੋਨ ਵੀ ਕਰਵਾਏ ਜਾ ਰਹੇ ਹਨ | ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਾਰਡ ਨੰਬਰ ਇੱਕ ਤੋਂ ਪਾਰਟੀ ਉਮੀਦਵਾਰ ਸੁਮਿਤ ਅਗਨੀ ਸੰਦਲ ਦੇ ਹੱਕ 'ਚ ਜਲਸਾ ਵੀ ਕੀਤਾ ਹੈ | ਰਾਣਾ ਕੇ.ਪੀ. ਸਿੰਘ ਕਾਂਗਰਸ ਦੇ ਸਟਾਰ ਪ੍ਰਚਾਰਕ ਹਨ ਅਤੇ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਦੀ ਅਗਵਾਈ ਡਾ. ਸੁਭਾਸ਼ ਸ਼ਰਮਾ ਕਰ ਰਹੇ ਹਨ | ਡਾ: ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਲਈ ਸਰਗਰਮ ਹਨ | ਵਾਰਡ ਨੰਬਰ ਇੱਕ ਦੀ ਘਰ ਘਰ ਚਰਚਾ ਹੋ ਰਹੀ ਹੈ ਜਿੱਥੋਂ ਆਮ ਆਦਮੀ ਪਾਰਟੀ ਦੇ ਆਗੂ ਪਰਵੀਨ ਅੰਸਾਰੀ ਤੇ ਕਾਂਗਰਸੀ ਆਗੂ ਵਿਜੈ ਕੌਸ਼ਲ ਟਿਕਟ ਕੱਟੇ ਜਾਣ ਕਾਰਨ ਆਜ਼ਾਦ ਉਮੀਦਵਾਰ ਬਣ ਗਏ ਹਨ | ਵਾਰਡ ਨੰਬਰ ਦੋ 'ਚ ਰਾਣਾ ਕੇ.ਪੀ. ਸਿੰਘ ਦੇ ਕਰੀਬੀ ਡਾ: ਸੋਮਦੱਤ ਪਾਠਕ ਨੇ ਟਿਕਟ ਕੱਟੇ ਜਾਣ ਕਾਰਨ ਆਪਣੀ ਪਤਨੀ ਨੇਹਾ ਨੂੰ ਆਜ਼ਾਦ ਉਮੀਦਵਾਰ ਬਣਾ ਦਿੱਤਾ ਹੈ | ਵਾਰਡ ਨੰਬਰ ਦੋ 'ਚ ਨੇਹਾ ਸਾਹਨੀ ਕਾਂਗਰਸੀ ਉਮੀਦਵਾਰ ਹੈ | ਨੇਹਾ ਸਾਹਨੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੇ ਸਾਹਨੀ ਦੀ ਪਤਨੀ ਹੈ | ਵਾਰਡ ਨੰਬਰ ਤਿੰਨ 'ਚ ਸੁਰਿੰਦਰ ਸੰਧੂ ਕਾਂਗਰਸੀ ਉਮੀਦਵਾਰ ਹਨ ਪਰ ਟਿਕਟ ਕੱਟੇ ਜਾਣ ਤੋਂ ਖਫ਼ਾ ਹੋ ਕੇ ਸਾਬਕਾ ਕਾਂਗਰਸੀ ਕੌਂਸਲਰ ਰੋਜ਼ੀ ਆਜ਼ਾਦ ਉਮੀਦਵਾਰ ਬਣ ਗਈ ਹੈ | ਇਸ ਵਾਰਡ 'ਚ ਮਨਜੋਤ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲੀ ਹੈ ਤੇ ਭਾਜਪਾ ਉਮੀਦਵਾਰ ਰਮਨ ਸ਼ਰਮਾ ਹਨ | ਟਿਕਟ ਕੱਟੇ ਜਾਣ ਕਾਰਨ ਰਵੀ ਰਾਣਾ ਆਜ਼ਾਦ ਖੜ੍ਹੋ ਗਏ ਹਨ ਜਿਹੜੇ ਹਰਜੋਤ ਸਿੰਘ ਬੈਂਸ ਦੇ ਕਰੀਬੀ ਹਨ | ਨੰਗਲ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਗੋਲਥਾਈ (ਜ਼ਿਲ੍ਹਾ ਬਿਲਾਸਪੁਰ) 'ਚ ਪੰਚਾਇਤ ਚੋਣਾਂ ਕਾਰਨ ਲੋਕਾਂ 'ਚ ਉਤਸ਼ਾਹ ਹੈ, ਪਰ ਸਰਗਰਮੀ ਸ਼ਾਮ ਸਮੇਂ ਹੀ ਹੁੰਦੀ ਹੈ |