02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਰੂਪਨਗਰ ਨਗਰ ਕੌਂਸਲ ਚੋਣਾਂ ਚੋਣ ਪ੍ਰਚਾਰ 'ਤੇ ਖ਼ਰਚ ਕਰਨ 'ਚ ਭਾਜਪਾ ਤੇ 'ਆਪ' ਸਭ ਤੋਂ ਮੋਹਰੀ

Ad Position 21
No active advertisement
ਅਜੀਤ ਡੈਸਕ 23-05-2026

ਰੂਪਨਗਰ, 22 ਮਈ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਰੂਪਨਗਰ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ | ਸ਼ਹਿਰ ਵਿਚ ਜਿੱਥੇ ਵੀ ਨਜ਼ਰ ਮਾਰੀ ਜਾਵੇ, ਝੰਡੇ, ਝੰਡੀਆਂ, ਬੈਨਰ, ਪੋਸਟਰ ਤੇ ਹੋਰਡਿੰਗਾਂ ਦੀ ਭਰਮਾਰ ਦਿਖਾਈ ਦੇ ਰਹੀ ਹੈ | ਚੋਣ ਪ੍ਰਚਾਰ ਦੇ ਮਾਹੌਲ ਨੂੰ ਵੇਖਦਿਆਂ ਇਹ ਪ੍ਰਭਾਵ ਬਣਾਇਆ ਜਾ ਰਿਹਾ ਹੈ ਕਿ ਮੁੱਖ ਮੁਕਾਬਲਾ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵਿਚਕਾਰ ਹੀ ਹੋ ਰਿਹਾ ਹੈ | ਦੋਵੇਂ ਪਾਰਟੀਆਂ ਵਲੋਂ ਆਪਣੇ-ਆਪਣੇ ਚੋਣ ਨਿਸ਼ਾਨ, ਵੱਡੇ ਤੇ ਛੋਟੇ ਝੰਡੇ ਤੇ ਬੈਨਰਾਂ ਨੂੰ ਵੱਡੇ ਪੱਧਰ 'ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ | ਸਿਆਸੀ ਮਾਹਿਰਾਂ ਮੁਤਾਬਿਕ ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ 'ਸੈਮੀ ਫਾਈਨਲ' ਵਜੋਂ ਦੇਖ ਰਹੇ ਹਨ ਜਿਸ ਕਾਰਨ ਸਿਆਸੀ ਸਰਗਰਮੀਆਂ ਕਾਫ਼ੀ ਤੇਜ਼ ਹੋ ਗਈਆਂ ਹਨ | ਭਾਜਪਾ ਵਲੋਂ ਪੂਰੇ ਸ਼ਹਿਰ ਵਿਚ ਵੱਡੇ ਪੱਧਰ 'ਤੇ ਝੰਡਿਆਂ ਤੇ ਬੈਨਰਾਂ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ | ਸ਼ਹਿਰ ਦੇ ਖੰਭਿਆਂ, ਗਰਿਲਾਂ, ਦੀਵਾਰਾਂ ਤੇ ਚੌਰਾਹਿਆਂ 'ਤੇ ਭਾਜਪਾ ਦੇ ਝੰਡੇ, ਝੰਡਿਆਂ ਅਤੇ ਪੋਸਟਰ ਵੱਡੀ ਗਿਣਤੀ ਵਿਚ ਲੱਗੇ ਹੋਏ ਹਨ | ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਪ੍ਰਚਾਰ ਦੇ ਮੈਦਾਨ ਵਿਚ ਕਿਸੇ ਤਰ੍ਹਾਂ ਪਿੱਛੇ ਨਹੀਂ ਦਿਖਾਈ ਦੇ ਰਹੀ | ਪਾਰਟੀ ਦੇ ਝੰਡੇ, ਬੈਨਰ, ਪੋਸਟਰ ਅਤੇ ਹੋਰਡਿੰਗ ਸ਼ਹਿਰ ਦੇ ਹਰੇਕ ਮੁੱਖ ਮੋੜ ਅਤੇ ਇਲਾਕੇ ਵਿਚ ਨਜ਼ਰ ਆ ਰਹੇ ਹਨ | ਇਸ ਤੋਂ ਇਲਾਵਾ ਹਲਕਾ ਰੂਪਨਗਰ ਦੇ ਵਿਧਾਇਕ ਵਲੋਂ ਸ਼ਹਿਰ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਐਲ.ਈ.ਡੀ. ਡਾਕੂਮੈਂਟਰੀਆਂ ਵੀ ਦਿਖਾਈਆਂ ਜਾ ਰਹੀਆਂ ਹਨ | ਰਿਕਸ਼ੇ ਤੇ ਆਟੋ ਰਿਕਸ਼ੀਆਂ ਤੇ ਸਪੀਕਰਾਂ ਰਾਹੀਂ ਵੀ ਹਰ ਉਮੀਦਵਾਰ ਆਪੋ ਆਪਣਾ ਪ੍ਰਚਾਰ ਕਰ ਰਿਹਾ ਦਿਖਾਈ ਦੇ ਰਿਹਾ ਹੈ | ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਬੈਨਰਾਂ ਤੇ ਝੰਡਿਆਂ ਦੇ ਪ੍ਰਚਾਰ ਵਿਚ ਹੋਰ ਪਾਰਟੀਆਂ ਦੇ ਮੁਕਾਬਲੇ ਘੱਟ ਸਰਗਰਮ ਦਿਖਾਈ ਦੇ ਰਿਹਾ ਹੈ ਪਰ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਨੂੰ ਘਰ-ਘਰ ਸੰਪਰਕ ਮੁਹਿੰਮ 'ਚ ਪੂਰੀ ਤਰ੍ਹਾਂ ਝੋਂਕਿਆ ਹੋਇਆ ਹੈ | ਦੂਜੇ ਪਾਸੇ ਪਿਛਲੇ ਪੰਜ ਸਾਲ ਨਗਰ ਕੌਂਸਲ 'ਤੇ ਕਾਬਜ਼ ਰਹੀ ਕਾਂਗਰਸ ਪਾਰਟੀ ਇਸ ਵਾਰ ਉਮੀਦਵਾਰ ਉਤਾਰਨ ਤੇ ਚੋਣ ਪ੍ਰਚਾਰ ਦੋਵਾਂ ਮਾਮਲਿਆਂ 'ਚ ਕੁੱਝ ਪਛੜੀ ਦਿਖਾਈ ਦੇ ਰਹੀ ਹੈ | ਸਿਆਸੀ ਗਲਿਆਰਿਆਂ ਵਿਚ ਇਹ ਵੀ ਚਰਚਾ ਹੈ ਕਿ ਕਾਂਗਰਸ ਲੀਡਰਸ਼ਿਪ ਵਿਚ ਆਪਸੀ ਤਾਲਮੇਲ ਦੀ ਕਮੀ ਦਾ ਅਸਰ ਚੋਣ ਪ੍ਰਚਾਰ 'ਤੇ ਵੀ ਸਾਫ਼ ਨਜ਼ਰ ਆ ਰਿਹਾ ਹੈ | ਰੂਪਨਗਰ ਦੇ 21 ਵਾਰਡਾਂ ਵਿਚ ਭਾਜਪਾ ਇਕੱਲੀ ਅਜਿਹੀ ਪਾਰਟੀ ਹੈ ਜਿਸ ਨੇ ਸਾਰੇ ਵਾਰਡਾਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ | ਦੂਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਨੇ ਲਗਭਗ ਸਾਰੇ ਵਾਰਡਾਂ ਵਿਚ ਉਮੀਦਵਾਰ ਖੜੇ ਕੀਤੇ ਸਨ ਪਰ ਇੱਕ ਵਾਰਡ ਵਿਚ ਆਜ਼ਾਦ ਉਮੀਦਵਾਰ ਦੇ ਹੱਕ ਵਿਚ ਕਾਗ਼ਜ਼ ਵਾਪਸ ਲਏ ਗਏ ਜਦਕਿ ਦੋ ਥਾਵਾਂ 'ਤੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋ ਗਏ ਸਨ | ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 11 ਤੇ 12 ਵਿਚ ਆਪਣੇ ਉਮੀਦਵਾਰ ਨਹੀਂ ਉਤਾਰੇ | ਇਨ੍ਹਾਂ ਵਾਰਡਾਂ ਵਿਚ ਪੁਰਾਣੇ ਕਾਂਗਰਸੀ ਆਗੂ ਅਤੇ ਸੀਨੀਅਰ ਕੌਂਸਲਰ ਅਸ਼ੋਕ ਵਾਹੀ ਤੇ ਮਰਹੂਮ ਕੌਂਸਲਰ ਪੋਮੀ ਸੋਨੀ ਦੀ ਸੁਪਤਨੀ ਕਿਰਨ ਸੋਨੀ ਆਜ਼ਾਦ ਚੋਣ ਲੜ ਰਹੇ ਹਨ | ਬਾਕੀ 19 ਵਾਰਡਾਂ ਵਿਚ ਆਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ 'ਤੇ ਮੈਦਾਨ ਵਿਚ ਹੈ | ਇਸ ਤੋਂ ਇਲਾਵਾ ਕੁੱਝ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ | ਭਾਵੇਂ ਚੋਣ ਪ੍ਰਚਾਰ ਵਿਚ ਸੱਤਾਧਾਰੀ ਪਾਰਟੀਆਂ ਦਾ ਦਬਦਬਾ ਸਾਫ਼ ਦਿਖਾਈ ਦੇ ਰਿਹਾ ਹੈ ਪਰ ਹੁਣ ਆਖ਼ਰੀ ਫ਼ੈਸਲਾ 26 ਮਈ ਨੂੰ ਵੋਟਰਾਂ ਦੇ ਹੱਥ ਵਿਚ ਹੋਵੇਗਾ ਕਿ ਉਹ ਕਿਸ ਪਾਰਟੀ 'ਤੇ ਆਪਣਾ ਭਰੋਸਾ ਜਤਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਡਾਕਟਰ ਸੰਜੀਵ ਗੌਤਮ ਤੇ ਜੇ.ਈ. ਦੀ ਜ਼ਮੀਨੀ ਵਿਵਾਦ ਬਾਰੇ ਵੀਡੀਓ ਵਾਇਰਲ ਅਗਲੀ ਖ਼ਬਰ ਐਕਟਿਵਾ ਨੂੰ ਟਰੱਕ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਮੌਕੇ 'ਤੇ ਮੌਤ <br/>
Ad Position 24
No active advertisement