ਮੋਰਿੰਡਾ, 22 ਮਈ (ਪਿ੍ਤਪਾਲ ਸਿੰਘ)- ਨਗਰ ਕੌਂਸਲ ਮੋਰਿੰਡਾ ਦੇ ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਬੀਬੀ ਦਲਜੀਤ ਕੌਰ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਜਦੋਂ ਸ਼ਹਿਰ ਦੇ ਸਾਬਕਾ ਕੌਂਸਲਰਾਂ, ਇਲਾਕੇ ਦੇ ਪੰਚਾਂ, ਸਰਪੰਚਾਂ, ਨੰਬਰਦਾਰਾਂ ਤੇ ਪਤਵੰਤੇ ਸੱਜਣਾਂ ਨੇ ਬੀਬੀ ਦਲਜੀਤ ਕੌਰ ਨੂੰ ਤਨ, ਮਨ ਤੇ ਧੰਨ ਨਾਲ ਮਦਦ ਕਰਨ ਦਾ ਐਲਾਨ ਕਰ ਦਿੱਤਾ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਨਵੀਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੱਕ ਮੰਗਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਨੂੰ ਲਾਠੀਆਂ ਨਾਲ ਦਬਾਇਆ ਜਾ ਰਿਹਾ ਹੈ | ਮਹਿੰਗਾਈ, ਬੇਰੁਜ਼ਗਾਰੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ | ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ | ਇਸ ਕਾਰਨ ਪੰਜਾਬ ਦਾ ਹਰ ਵਰਗ ਆਪ ਦੀ ਮੌਜੂਦਾ ਸਰਕਾਰ ਤੋਂ ਨਿਰਾਸ਼ ਹੈ | ਪੰਜਾਬ ਦੀ ਜਨਤਾ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੀ ਹੈ | ਉਨ੍ਹਾਂ ਵਾਰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕਾਂਗਰਸੀ ਉਮੀਦਵਾਰ ਬੀਬੀ ਦਲਜੀਤ ਕੌਰ ਨੂੰ ਵੋਟਾਂ ਪਾ ਕੇ ਜਿਤਾਓ | ਇਸ ਮੌਕੇ ਪੰਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ ਨੇ ਕਿਹਾ ਕਿ ਬੀਬੀ ਦਲਜੀਤ ਕੌਰ ਪਤਨੀ ਨੰਬਰਦਾਰ ਰੁਪਿੰਦਰ ਸਿੰਘ ਭਿਚਰਾ ਟਕਸਾਲੀ ਕਾਂਗਰਸੀ ਪਰਿਵਾਰ ਦੇ ਮੈਂਬਰ ਹਨ ਜਿਨ੍ਹਾਂ ਨੂੰ ਸਮਾਜ ਤੇ ਦੇਸ਼ ਸੇਵਾ ਵਿਰਸੇ ਵਿਚੋਂ ਮਿਲੀ ਹੋਈ ਹੈ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਲੱਕੀ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਪੀ.ਏ.ਡੀ. ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ ਨੇ ਬੀਬੀ ਦਲਜੀਤ ਕੌਰ ਦੀ ਹਰ ਪ੍ਰਕਾਰ ਦੀ ਮਦਦ ਕਰਨ ਦਾ ਐਲਾਨ ਕੀਤਾ |