ਘਨੌਲੀ, 4 ਜੁਲਾਈ (ਜਸਵੀਰ ਸਿੰਘ ਸੈਣੀ)-ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਪਤਿਆਲਾ ਦੇ ਟਰੱਕ ਡਰਾਈਵਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਪੈਟਰੋਲਿੰਗ ਹਾਈਵੇ ਦੇ ਏ. ਐਸ.ਆਈ. ਸੀਤਾ ਰਾਮ ਨੇ ਦੱਸਿਆ ਕਿ ਉਨਾਂ ਦੀ ਟੀਮ ਨੂੰ ਕਿਸੇ ਰਾਹਗੀਰ ਨੇ ਦੱਸਿਆ ਕਿ ਇੱਕ ਵਿਅਕਤੀ ਦਾ ਐਕਸੀਡੈਂਟ ਹੋ ਗਿਆ ਤੇ ਬੁਰੀ ਤਰ੍ਹਾਂ ਫੱਟੜ ਹੋ ਗਿਆ ਅਤੇ ਜਦੋਂ ਮੌਕੇ ‘ਤੇ ਦੇਖਿਆ ਤਾਂ ਜ਼ਖਮੀ ਹੋਏ ਵਿਅਕਤੀ ਨੂੰ ਐਸ.ਐਸ.ਐਫ.ਟੀਮ ਵਲੋਂ ਇਲਾਜ ਦੇ ਲਈ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਉਕਤ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਵਿਅਕਤੀ ਦੀ ਪਹਿਚਾਣ ਕੇਸਰ ਸਿੰਘ (38) ਪੁੱਤਰ ਚਮਨ ਲਾਲ ਵਾਸੀ ਪਤਿਆਲਾ ਹਾਲ ਵਾਸੀ ਲੋਹਗੜ੍ਹ ਫਿੱਡਿਆਂ ਵਜੋਂ ਹੋਈ। ਮ੍ਰਿਤਕ ਦੇ ਭਰਾ ਚਮਨ ਲਾਲ ਨੇ ਦੱਸਿਆ ਕਿ ਮੇਰਾ ਭਰਾ ਕੇਸਰ ਸਿੰਘ ਟਰੱਕ ਡਰਾਈਵਰੀ ਕਰਦਾ ਸੀ ਅਤੇ ਬੱਦੀ ਫ਼ੈਕਟਰੀ ਤੋਂ ਦਵਾਈਆਂ ਭਰ ਕੇ ਲੁਧਿਆਣੇ ਨੂੰ ਜਾਣਾ ਸੀ। ਉਨ੍ਹਾਂ ਨੇ ਗੱਡੀ ਮਨਜੀਤ ਹੋਟਲ ਵੱਲ ਨੂੰ ਖੜੀ ਕਰਕੇ ਆਪ ਦੂਜੇ ਪਾਸੇ ਖੜੇ ਆਪਣੇ ਪਿਤਾ ਕੋਲੋਂ ਰੋਟੀ ਦਾ ਟਿਫ਼ਨ ਲੈਣ ਲਈ ਹਾਈਵੇ ਪੈਦਲ ਪਾਰ ਕਰਨ ਲੱਗਿਆ ਕਿ ਭਰਤਗੜ੍ਹ ਵਲੋਂ ਆ ਰਹੇ ਬਹੁਤ ਤੇਜ਼ ਰਫ਼ਤਾਰ ਨਾਲ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਅਤੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਅਸਲ ਵਿਚ ਪਿੰਡ ਪਤਿਆਲਾ ਦੇ ਨਿਵਾਸੀ ਹਨ, ਤੇ ਪੂਰਾ ਪਰਿਵਾਰ ਪਿਛਲੇ 15 ਸਾਲਾਂ ਤੋਂ ਲੋਹਗੜ੍ਹ ਫਿੱਡੇ ਰਹਿ ਰਿਹਾ ਹੈ ਅਤੇ ਕਾਫੀ ਸਾਲਾਂ ਤੋਂ ਟਰੱਕ ਡਰਾਈਵਰੀ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਮਾਤਾ ਪਿਤਾ ‘ਤੇ ਪਤਨੀ ਤੇ ਭਰਾ ਨੂੰ ਛੱਡ ਗਿਆ ਹੈ । ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਉਪਰੰਤ ਸਸਕਾਰ ਅੱਜ ਪੰਜ ਜੁਲਾਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਤਿਆਲਾ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਸਰਪੰਚ ਸੁਖਜਿੰਦਰ ਸਿੰਘ ਜੋਹਲ ਲੋਹਗੜ੍ਹ ਫਿੱਡੇ ਤੇ ਸ਼ਮਸ਼ੇਰ ਸਿੰਘ ਪਤਿਆਲਾ ਹੋਰ ਦੋਨਾਂ ਪਿੰਡਾਂ ਦੇ ਮੁਹਤਵਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਨੌਜਵਾਨ ਦੀ ਮੌਤ
ਅਜੀਤ ਡੈਸਕ
05-07-2026