ਰੂਪਨਗਰ, 9 ਜੁਲਾਈ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਪੰਜਾਬ ਕਮੇਟੀ ਮੈਂਬਰ ਚਰਨ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਮ ਇੱਕ ਮੰਗ ਪੱਤਰ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਨੂੰ ਸੌਂਪਿਆ ਗਿਆ। ਇਸ ਮੰਗ ਪੱਤਰ ਰਾਹੀਂ ਭਾਖੜਾ ਨਹਿਰ ਤੇ ਬੇਲਾ ਐਸਕੇਪ ਦੀ ਤੁਰੰਤ ਸਫ਼ਾਈ ਕਰਵਾਉਣ ਦੀ ਮੰਗ ਕੀਤੀ। ਜ਼ਿਲ੍ਹਾ ਸੰਯੁਕਤ ਸਕੱਤਰ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਭਾਖੜਾ ਨਹਿਰ ਦੇ ਰੂਪਨਗਰ ਜ਼ਿਲ੍ਹੇ ਅਧੀਨ ਬਲਾਕ ਮੋਰਿੰਡਾ ਦੇ ਝੱਲ ਤੋਂ ਕਜੌਲੀ ਤੱਕ ਅਤੇ ਬੇਲਾ ਐਸਕੇਪ ਦੇ ਬਲਾਕ ਚਮਕੌਰ ਸਾਹਿਬ ਅਧੀਨ ਪਿੰਡ ਅਟਾਰੀ ਬੇਟ ਤੋਂ ਸੁਲਤਾਨਪੁਰ ਤੱਕ ਨਹਿਰਾਂ ਦੇ ਕਿਨਾਰਿਆਂ ‘ਤੇ ਵੱਡੀ ਗਿਣਤੀ ਵਿਚ ਦਰਖ਼ਤ, ਬੂਟੇ ਅਤੇ ਝਾੜੀਆਂ ਉੱਗ ਚੁੱਕੀਆਂ ਹਨ, ਜੋ ਪਾਣੀ ਦੇ ਵਹਾਅ ਵਿਚ ਰੁਕਾਵਟ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਾਂਭ-ਸੰਭਾਲ ਨਾ ਹੋਣ ਕਾਰਨ ਨਹਿਰ ਤੇ ਐਸਕੇਪ ਦੀ ਮਜ਼ਬੂਤੀ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਹੈ। ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਦੀ ਤੁਰੰਤ ਸਫ਼ਾਈ ਅਤੇ ਲੋੜੀਂਦੀ ਮੁਰੰਮਤ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਟੁੱਟ-ਫੁੱਟ ਤੋਂ ਬਚਿਆ ਜਾ ਸਕੇ। ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਮੰਗ ਪੱਤਰ ਸਬੰਧਤ ਵਿਭਾਗ ਨੂੰ ਲੋੜੀਂਦੀ ਕਾਰਵਾਈ ਲਈ ਭੇਜ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਕਰਨੈਲ ਸਿੰਘ ਰਸੀਦਪੁਰ, ਜ਼ਿਲ੍ਹਾ ਪ੍ਰੈੱਸ ਸਕੱਤਰ ਮਨਿੰਦਰਜੀਤ ਸਿੰਘ ਬਜੀਦਪੁਰ, ਕਾਕਾ ਹਰਿੰਦਰ ਸਿੰਘ ਸਰਪੰਚ ਜਟਾਣਾ, ਜਸਵਿੰਦਰ ਸਿੰਘ ਕਾਈਨੌਰ, ਭੁਪਿੰਦਰ ਸਿੰਘ ਮੁੰਡਿਆਂ ਤੇ ਹੋਰ ਹਾਜ਼ਰ ਸਨ।