ਸ੍ਰੀ ਅਨੰਦਪੁਰ ਸਾਹਿਬ, 9 ਜੁਲਾਈ (ਕਰਨੈਲ ਸਿੰਘ)-ਪੰਜਾਬ ਸਫ਼ਾਈ ਕਰਮਚਾਰੀ ਸੰਘ ਦੇ ਸੱਦੇ ਤਹਿਤ ਸਥਾਨਕ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਤਹਿਤ ਆਰੰਭ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ । ਸਮੁੱਚਾ ਸ਼ਹਿਰ ਗੰਦਗੀ ‘ਚ ਘਿਰਿਆ ਨਜ਼ਰ ਆਉਣ ਲੱਗਾ ਹੈ । ਅੰਤਾਂ ਦੀ ਪੈ ਰਹੀ ਗਰਮੀ ਕਾਰਨ ਸ਼ਹਿਰ ਵਾਸੀਆਂ ਨੂੰ ਥਾਂ-ਥਾਂ ਪਈ ਗੰਦਗੀ ਕਰਕੇ ਕਿਸੇ ਮਾਰੂ ਬਿਮਾਰੀ ਦੇ ਫੈਲਣ ਦਾ ਡਰ ਵੀ ਸਤਾਉਣ ਲੱਗਾ ਹੈ । ਸਫ਼ਾਈ ਕਰਮਚਾਰੀਆਂ ਆਗੂਆਂ ਨੇ ਸਰਕਾਰ ‘ਤੇ ਦੋਸ਼ ਲਗਾਇਆ ਕਿ ਸਰਕਾਰ ਉਨ੍ਹਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਜਾਣਬੁੱਝ ਕੇ ਧਿਆਨ ਨਹੀਂ ਦੇ ਰਹੀ । ਸਰਕਾਰ ‘ਤੇ ਵਾਅਦਾ ਖ਼ਿਲਾਫ਼ੀ ਦਾ ਇਲਜ਼ਾਮ ਲਗਾਉਂਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੋਂ ਸਤਾਏ ਨਗਰ ਕੌਂਸਲ ਦੇ ਠੇਕਾ ਆਧਾਰ, ਆਰਜ਼ੀ ਅਤੇ ਦਿਹਾੜੀਦਾਰ ਮੁਲਾਜ਼ਮ ਸੰਘਰਸ਼ ਦੇ ਰਾਹ ਤੁਰੇ ਹੋਏ ਹਨ । ਪਰ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀ । ਉਨ੍ਹਾਂ ਐਲਾਨ ਕੀਤਾ ਕਿ ਸੰਘ ਦੀ ਕੇਂਦਰੀ ਕਮੇਟੀ ਵਲੋਂ ਸੰਘਰਸ਼ ਨੂੰ ਤੇਜ਼ ਕਰਨ ਲਈ ਕੀਤੇ ਐਲਾਨ ਦਾ ਸ੍ਰੀ ਅਨੰਦਪੁਰ ਸਾਹਿਬ ਦੇ ਸਮੂਹ ਸਫ਼ਾਈ ਕਰਮਚਾਰੀ ਪੂਰਨ ਸਮਰਥਨ ਕਰਨਗੇ । ਇਸ ਮੌਕੇ ਸਫ਼ਾਈ ਕਰਮਚਾਰੀ ਆਗੂ ਮਦਨ ਲਾਲ, ਗੋਬਿੰਦ ਸਿੰਘ, ਜੈਮਲ ਸਿੰਘ, ਧਰਮਵੀਰ, ਸੋਨੂੰ, ਹਰੀਸ਼ ਕੁਮਾਰ, ਮੋਨੂੰ ਆਦਿ ਤੋਂ ਇਲਾਵਾ ਵੱਡੀ ਗਿਣਤੀ ਸਫ਼ਾਈ ਕਰਮਚਾਰੀ ਹਾਜ਼ਰ ਸਨ ।