ਅੰਮ੍ਰਿਤਸਰ, 29 ਮਈ (ਰਾਜੇਸ਼ ਕੁਮਾਰ ਸ਼ਰਮਾ)- ਕਟੜਾ ਸ਼ੇਰ ਸਿੰਘ ਦੇ ਡੀ.ਏ.ਵੀ. ਕਾਲਜ ਅੰਮ੍ਰਿਤਸਰ ਸਥਿਤ ਡੀ.ਏ.ਵੀ. ਕਾਲਜੀਏਟ ਸਕੂਲ ‘ਚ ਬਾਰਵੀਂ ਦਾ ਨਤੀਜਾ ਬਹੁਤ ਵਧੀਆ ਰਿਹਾ ਹੈ। ਵਿਦਿਆਰਥੀਆਂ ਦੁਆਰਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜਿਆਂ ‘ਚ ਡੀ.ਏ.ਵੀ. ਕਾਲਜੀਏਟ ਸਕੂਲ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਕੀਰਤੀਮਾਨ ਸਥਾਪਿਤ ਕੀਤਾ ਹੈ। ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਮੈਡੀਕਲ ‘ਚ ਪੂਨਮਪ੍ਰੀਤ ਕੌਰ ਨੇ 90.2 ਫੀਸਦੀ ਅਤੇ ਜਾਨਵੀ ਸ਼ਰਮਾ ਨੇ 87.8 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਨਾਨ-ਮੈਡੀਕਲ ਸਟਰੀਮ ‘ਚ ਸਚਿਤ ਬੀਰ ਨੇ 94.8 ਫੀਸਦੀ ਅਤੇ ਨਿਖਿਲ ਬੇਦੀ ਨੇ 89.4 ਫੀਸਦੀ ਪ੍ਰਾਪਤ ਕੀਤੇ। ਇਸੇ ਤਰ੍ਹਾਂ ਆਰਟਸ ਗਰੁੱਪ ‘ਚ ਸਾਰਾ ਨੱਈਅਰ ਨੂੰ 93.2 ਫੀਸਦੀ ਅਤੇ ਅਕਸ਼ਿਤ ਅਰੋੜਾ ਨੂੰ 87 ਫੀਸਦੀ ਅੰਕ ਮਿਲੇ। ਕਾਮਰਸ ‘ਚ ਅੰਗਦ ਗੋਗਨਾ ਨੇ 90.6 ਫੀਸਦੀ ਅਤੇ ਸੁਰਭੀ ਮਲਹੋਤਰਾ ਨੇ 90 ਫੀਸਦੀ ਅੰਕ ਲੈ ਕੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਇਸ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਫਲਤਾ ਸਾਡੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੇ ਸਮਰਪਣ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ। ਡੀ.ਏ.ਵੀ. ਕਾਲਜੀਏਟ ਸਕੂਲ ਨਾ ਸਿਰਫ਼ ਅਕਾਦਮਿਕ ਉੱਤਮਤਾ ‘ਤੇ ਬਲਕਿ ਸੰਪੂਰਨ ਵਿਕਾਸ ‘ਤੇ ਵੀ ਧਿਆਨ ਦਿੰਦਾ ਹੈ। ਅਸੀਂ ਭਵਿੱਖ ‘ਚ ਵੀ ਇਸੇ ਤਰ੍ਹਾਂ ਵਧੀਆ ਨਤੀਜੇ ਲਿਆਉਣ ਲਈ ਵਚਨਬੱਧ ਹਾਂ। ਉਨ੍ਹਾਂ ਸਾਰੇ ਮੇਧਾਵੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।